ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ : ਸਰਹੱਦੀ ਪੱਟੀ ਦੇ ਵਸੇ ਸੈਂਕੜੇ ਪਿੰਡਾਂ ਤੋਂ ਇਲਾਵਾ ਬੀਐੱਸਐੱਫ ਤੇ ਨਾਲ ਲੱਗਦੇ ਵੱਖ-ਵੱਖ ਬਲਾਕਾਂ ਦੇ ਪਿੰਡਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾ ਰਹੇ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਦੇ ਚੌਗਿਰਦੇ 'ਚ ਲੱਗੀ ਵਾਟਰ ਸਪਲਾਈ ਦੀ ਟੈਂਕੀ ਦੀ ਟਿਊਬਵੈੱਲ ਮੋਟਰ ਪਿਛਲੇ ਤਿੰਨ ਦਿਨਾਂ ਤੋਂ ਖ਼ਰਾਬ ਹੋਣ ਕਾਰਨ ਮਰੀਜ਼ ਪਾਣੀ ਕਾਰਨ ਬੇਹਾਲ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਆਪਣੇ ਬੱਚਿਆਂ ਦਾ ਇਲਾਜ ਕਰਵਾਉਣ ਲਈ ਆਏ ਹਰਜੀਤ ਸਿੰਘ ਸ਼ਾਹਪੁਰ , ਲਵਪ੍ਰਰੀਤ ਸਿੰਘ, ਗੁਰਮੇਜ ਸਿੰਘ ਕਲਾਨੌਰ, ਬੌਬੀ ਬਰੀਲਾ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰਕ ਜੀਅ ਹਸਪਤਾਲ ਵਿਚ ਜ਼ੇਰੇ ਇਲਾਜ ਹਨ ਤੇ ਉਹ ਪਿਛਲੇ ਦਿਨਾਂ ਤੋਂ ਹਸਪਤਾਲ ਇਲਾਜ ਕਰਵਾ ਰਹੇ ਹਨ ਪਰ ਅਫ਼ਸੋਸ ਕਿ ਹਸਪਤਾਲ ਨੂੰ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਵਾਲੀ ਵਾਟਰ ਸਪਲਾਈ ਦੀ ਟੈਂਕੀ ਪਿਛਲੇ ਕਰੀਬ ਤਿੰਨ ਦਿਨ ਤੋਂ ਖਰਾਬ ਹੋਣ ਕਾਰਨ ਮਰੀਜ਼ਾਂ ਨੂੰ ਵੱਡੀ ਪੇ੍ਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਾਣੀ ਨਾ ਮਿਲਣ ਕਾਰਨ ਹਸਪਤਾਲ ਦੇ ਅੌਰਤਾਂ ਅਤੇ ਮਰਦਾਂ ਨਾਲ ਸਬੰਧਤ ਲੈਟਰੀਨ, ਪਖਾਨੇ ਤੇ ਬਾਥਰੂਮ ਦੀ ਸਫ਼ਾਈ ਨਾ ਹੋਣ ਕਾਰਨ ਮੰਦਾ ਹਾਲ ਹੈ। ਇਸ ਮੌਕੇ ਹਰਜੀਤ ਸਿੰਘ ਸ਼ਾਹਪੁਰ ਗੁਰਾਇਆ ਨੇ ਦੱਸਿਆ ਕਿ ਉਹ ਆਪਣੇ ਮਾਸੂਮ ਬੱਚਿਆਂ ਦਾ ਪਿਛਲੇ ਤਿੰਨ ਦਿਨਾਂ ਤੋਂ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ 'ਚ ਇਲਾਜ ਕਰਵਾ ਰਿਹਾ ਹੈ ਪਰ ਪਾਣੀ ਨਾ ਮਿਲਣ ਕਾਰਨ ਉਨਾਂ੍ਹ ਨੂੰ ਵੱਡੀ ਪੇ੍ਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਵੱਖ-ਵੱਖ ਵਾਰਡਾਂ 'ਚ ਇਲਾਜ ਅਧੀਨ ਮਰੀਜ਼ਾਂ ਨੇ ਦੱਸਿਆ ਕਿ ਪਾਣੀ ਨਾ ਹੋਣ ਕਾਰਨ ਪਖਾਨਿਆਂ ਵਿਚ ਮਲ ਮੂਤਰ ਕਰਨ ਲਈ ਉਨਾਂ੍ਹ ਨੂੰ ਵੱਡੀ ਪੇ੍ਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਹਰਜੀਤ ਸਿੰਘ ਸ਼ਾਹਪੁਰ ਗੁਰਾਇਆ ਨੇ ਦੱਸਿਆ ਕਿ ਹਸਪਤਾਲ ਵਿਚ ਪਾਣੀ ਨਾ ਹੋਣ ਕਾਰਨ ਉਸ ਵੱਲੋਂ ਪੰਜਾਬ ਹੈਲਥ ਡਿਪਾਰਟਮੈਂਟ ਨੂੰ ਮਰੀਜ਼ਾਂ ਨੂੰ ਆ ਰਹੀ ਮੁਸ਼ਕਲ ਸਬੰਧੀ ਵੀ ਜਾਣੂ ਕਰਵਾਇਆ ਗਿਆ ਹੈ। ਇਸ ਮੌਕੇ ਮਰੀਜ਼ਾਂ ਅਤੇ ਉਨਾਂ੍ਹ ਦੇ ਪਰਿਵਾਰਕ ਜੀਆਂ ਨੇ ਕਿਹਾ ਕਿ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾ ਰਹੇ ਇਸ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਦੀ ਵਾਟਰ ਸਪਲਾਈ ਦੀ ਮੋਟਰ ਖਰਾਬ ਹੋਣ ਕਾਰਨ ਮਰੀਜ਼ਾਂ ਅਤੇ ਉਨਾਂ੍ਹ ਨਾਲ ਹੋਣ ਵਾਲੇ ਵਾਰਸਾਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸਰਹੱਦੀ ਖੇਤਰ ਦੇ ਪਿੰਡਾਂ ਦੇ ਹਸਪਤਾਲ 'ਚ ਇਲਾਜ ਕਰਵਾ ਰਹੇ ਗ.ਰੀਬ ਲੋਕਾਂ ਨੂੰ ਮਹਿੰਗੇ ਭਾਅ ਦਾ ਮੁੱਲ ਪਾਣੀ ਲੈ ਕੇ ਪੀਣਾ ਪੈ ਰਿਹਾ ਹੈ। ਇਸ ਮੌਕੇ ਉਨਾਂ੍ਹ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਤੋਂ ਮੰਗ ਕੀਤੀ ਹੈ ਕਿ ਹਸਪਤਾਲ ਦੀ ਖ਼ਰਾਬ ਹੋਈ ਮੋਟਰ ਨੂੰ ਤੁਰੰਤ ਠੀਕ ਕਰ ਕੇ ਹਸਪਤਾਲ 'ਚ ਸ਼ੁੱਧ ਪਾਣੀ ਮੁਹੱਈਆ ਪੁੱਜਦਾ ਕੀਤਾ ਜਾਵੇ ਤਾਂ ਜੋ ਮਰੀਜ਼ਾਂ ਨੂੰ ਰਾਹਤ ਮਿਲ ਸਕੇ। ਇਸ ਸੰਬੰਧੀ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਦੇ ਐੱਸਐੱਮਓ ਡਾ. ਲਖਵਿੰਦਰ ਸਿੰਘ ਪਵਾਰ ਨੇ ਕਿਹਾ ਕਿ ਅਚਾਨਕ ਖ਼ਰਾਬ ਹੋਈ ਮੋਟਰ ਠੀਕ ਕਰਵਾਉਣ ਲਈ ਉਸ ਦਿਨ ਤੋਂ ਹੀ ਕੰਮ ਕੀਤਾ ਜਾ ਰਿਹਾ ਹੈ ਅਤੇ ਅੱਜ ਮੋਟਰ ਠੀਕ ਕਰਵਾ ਕੇ ਪਾਣੀ ਦੀ ਸਪਲਾਈ ਸ਼ੁਰੂ ਕਰਵਾ ਦਿੱਤੀ ਜਾਵੇਗੀ ।