ਹਸਪਤਾਲ ਦੇ ਮੁਲਾਜ਼ਮਾਂ ਨਾਲ ਕੀਤੀ ਕੁੱਟਮਾਰ

ਪੱਤਰ ਪ੍ਰਰੇਰਕ, ਗੁਰਦਾਸਪੁਰ : ਆਪਣੀ ਦੁਕਾਨ 'ਤੇ ਕੰਮ ਕਰਦੇ ਇਕ ਵਰਕਰ ਦਾ ਬਿੱਲ ਘੱਟ ਕਰਵਾਉਣ ਆਏ ਸ਼ਹਿਰ ਦੇ ਕਾਸਮੈਟਿਕ ਦਾ ਦੁਕਾਨ ਚਲਾਉਣ ਵਾਲੇ ਵਿਅਕਤੀ ਨੇ ਬਿਨਾਂ ਕੁਝ ਸੋਚੇ ਸਮਝੇ ਪ੍ਰਸਿੱਧ ਡਾਕਟਰ ਬੱਬਰ ਦੇ ਹਸਪਤਾਲ 'ਚ ਜਾ ਕੇ ਉਨ੍ਹਾਂ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ।

ਐਤਵਾਰ ਦੀ ਸ਼ਾਮ 4 ਵਜੇ ਸਰਕਾਰੀ ਕਾਲਜ ਰੋਡ 'ਤੇ ਸਥਿਤ ਬੱਬਰ ਹਸਪਤਾਲ 'ਚ ਇਕ ਮਰੀਜ਼ ਨੂੰ ਛੁੱਟੀ ਦੌਰਾਨ ਉਸਦੇ ਦੁਕਾਨ ਮਾਲਿਕ ਉੱਥੇ ਆਏ ਅਤੇ ਹਸਪਤਾਲ ਵੱਲੋਂ ਮਰੀਜ਼ ਦਾ 6000 ਹਜ਼ਾਰ ਰੁਪਏ ਦਾ ਬਿੱਲ ਬਣਾਇਆ ਗਿਆ ਅਤੇ ਬਿੱਲ ਘੱਟ ਕਰਾਉਣ ਲਈ ਡਾਕਟਰ ਨੂੰ ਕਹਿਣ ਲੱਗਾ ਤਾਂ ਡਾਕਟਰਾਂ ਨੇ ਬਿੱਲ ਜਾਇਜ਼ ਦੱਸਿਆ ਤਾਂ ਉਕਤ ਵਿਅਕਤੀ ਨੇ ਆਪਣੇ ਆਪ ਨੂੰ ਪੱਤਰਕਾਰ ਦੱਸਦੇ ਹੋਏ ਧਮਕਾਉਣਾ ਸ਼ੁਰੂ ਕਰ ਦਿੱਤਾ। ਜਿਵੇਂ ਹੀ ਡਾਕਟਰ ਨੇ ਉਕਤ ਵਿਅਕਤੀ ਨੂੰ ਅਜਿਹਾ ਕਰਨ ਤੋਂ ਮਨ੍ਹਾਂ ਕੀਤਾ ਤਾਂ ਗੱਲ ਗਾਲੀ ਗਲੋਚ ਤੱਕ ਜਾ ਪਹੁੰਚੀ। ਇਸ ਦੌਰਾਨ ਹਸਪਤਾਲ ਦੇ ਇਕ ਸਟਾਫ ਦੇ ਵਿਅਕਤੀ ਨੂੰ ਆਪਣੇ ਹਸਪਤਾਲ 'ਚ ਰੁਕਣ ਨੂੰ ਕਿਹਾ ਅਤੇ ਸ਼ਹਿਰ ਦੇ ਕੁਝ ਵਿਅਕਤੀਆਂ ਨੂੰ ਉੱਥੇ ਬੁਲਾ ਲਿਆਇਆ। ਜਿਸਦੇ ਬਾਅਦ ਜਿਸ ਵਿਅਕਤੀ ਨੂੰ ਡਾਕਟਰਾਂ ਨੇ ਹਸਪਤਾਲ ਵਿਚ ਰੁਕਣ ਲਈ ਕਿਹਾ ਉਸਨੇ ਆਪਣੇ ਹੋਰ ਰਿਸ਼ਤੇਕਾਰਾਂ ਨੂੰ ਵੀ ਫੋਨ ਕਰਕੇ ਬੁਲਾ ਲਿਆ ਅਤੇ ਦੇਖਦੇ ਹੀ ਦੇਖਦੇ ਹਸਪਤਾਲ ਦੇ ਅੰਦਰ 1 ਦਰਜ਼ਨ ਤੋਂ ਵੱਧ ਲੜਕਿਆਂ ਨੇ ਹਸਪਤਾਲ ਦੇ ਸਟਾਫ ਅਤੇ ਕਰਮਚਾਰੀਆਂ ਨਾਲ ਮਾਰਕੁਟਾਈ ਕਰਨੀ ਸ਼ੁਰੂ ਕਰ ਦਿੱਤੀ।

ਘਟਨਾ ਸੀਸੀਟੀਵੀ 'ਚ ਹੋਈ ਕੈਦ

ਹਮਲਾਵਰਾਂ ਦੀ ਗਿਣਤੀ 9 ਤੋਂ 10 ਸੀ ਜਿਨ੍ਹਾਂ ਨੇ ਆਉਂਦੇ ਹੀ ਹਸਪਤਾਲ ਦੇ ਇਕ ਕਰਮਚਾਰੀ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਜਦੋਂ ਡਾਕਟਰ ਕੇਐੱਸ ਬੱਬਰ ਆਪਣੇ ਕਰਮਚਾਰੀ ਨੂੰ ਛੁਡਾਉਣ ਲਈ ਅੱਗੇ ਆਇਆ ਤਾਂ ਦੋਸ਼ੀਆਂ ਨੇ ਉਸ ਨਾਲ ਵੀ ਧੱਕਾ-ਮੁੱਕੀ ਕੀਤੀ। ਜਿਸ ਤੋਂ ਬਾਅਦ ਮਾਮਲਾ ਵਿਗੜਦਾ ਦੇਖ ਥਾਣਾ ਪੁਲਿਸ ਤੋਂ ਸਹਾਇਕ ਸਬ ਇੰਸਪੈਕਟਰ ਮੌਕੇ 'ਤੇ ਪਹੁੰਚੇ ਜਦਕਿ ਉਦੋਂ ਤੱਕ ਸਾਰੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਸੀ। ਜਦਕਿ ਇਹ ਸਾਰੀ ਘਟਨਾ ਹਸਪਤਾਲ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ।

ਪਹਿਲਾਂ ਵੀ ਸੁਰੱਖੀਆਂ 'ਚ ਰਿਹੈ ਉਕਤ ਦੁਕਾਨਦਾਰ

ਬੀਤੇ ਕੁਝ ਦਿਨ ਪਹਿਲਾਂ ਥਾਣਾ ਸਿਟੀ ਪੁਲਿਸ ਨੇ ਪਟਾਕਾ ਸਟੋਰ ਕਰਨ ਦੇ ਦੋਸ਼ ਵਿਚ ਉਕਤ ਦੁਕਾਨਦਾਰ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਨਿੱਜੀ ਹਸਪਤਾਲ ਦੇ ਸਾਰੇ ਡਾਕਟਰਾਂ ਨੇ ਦੇਰ ਸ਼ਾਮ ਦੀ ਘਟਨਾ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਜਲਦ ਤੋਂ ਜਲਦ ਮੁਲਜ਼ਮਾਂ 'ਤੇ ਕਾਰਵਾਈ ਕਰਨ ਦੀ ਮੰਗ ਕੀਤੀ।

ਕੀ ਕਹਿੰਦੇ ਹਨ ਥਾਣਾ ਮੁਖੀ

ਥਾਣਾ ਮੁੱਖੀ ਕੁਲਵੰਤ ਸਿੰਘ ਮਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਘਟਨਾ ਦੀ ਸੂਚਨਾ ਮਿਲੀ ਸੀ ਜਿਸਦੇ ਤੁਰੰਤ ਬਾਅਦ ਉਨ੍ਹਾਂ ਨੇ ਆਪਣੇ ਕਰਮਚਾਰੀ ਭੇਜ ਦਿੱਤੇ ਪਰ ਉਦੋਂ ਤੱਕ ਹਮਲਾਵਰ ਉਥੋਂ ਫਰਾਰ ਹੋ ਚੁੱਕੇ ਸੀ। ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਸਖ਼ਤ ਕਾਰਵਾਈ ਕੀਤੀ ਜਾਵੇਗੀ।