ਸੁਖਦੇਵ ਸਿੰਘ, ਬਟਾਲਾ: ਬਟਾਲਾ ਵਿਚ ਪਤੰਗ ਉਡਾਉਂਦਿਆਂ ਕੋਠੇ ਤੋਂ ਡਿੱਗਣ ਦੀ ਵਜ੍ਹਾ ਨਾਲ 13 ਸਾਲਾ ਬੱਚੇ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਕੁਲਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਭਤੀਜਾ ਰਾਘਵ ਪੁੱਤਰ ਰਘਬੀਰ ਸਿੰਘ ਵਾਸੀ ਕੱਚਾ ਕੋਟ ਘੁਮਿਆਰਾਂ ਮੁਹੱਲਾ ਬਟਾਲਾ ਆਪਣੇ ਕੋਠੇ 'ਤੇ ਪਤੰਗ ਉਡਾ ਰਿਹਾ ਸੀ। ਪਤੰਗ ਉਡਾਉਂਦਿਆਂ ਉਡਾਉਂਦਿਆਂ ਗੁਆਂਢੀਆਂ ਦੇ ਤਿੰਨ ਮੰਜ਼ਿਲਾ ਕੋਠੇ ਦੀ ਛੱਤ 'ਤੇ ਚੜ੍ਹ ਗਿਆ ਤੇ ਉੱਥੇ ਪਤੰਗ ਉਡਾਉਂਦਿਆਂ ਤਿੰਨ ਮੰਜ਼ਿਲਾਂ ਤੋਂ ਹੇਠਾਂ ਡਿੱਗ ਪਿਆ। ਇਸ ਵਜ੍ਹਾ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ ਤੇ ਮਾਪਿਆਂ ਨੇ ਉਸ ਅੰਮਿ੍ਤਸਰ ਦੇ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਜਿੱਥੇ ਸੋਮਵਾਰ ਦੀ ਸਵੇਰ ਨੂੰ ਉਸ ਦੀ ਮੌਤ ਹੋ ਗਈ। ਮਰਹੂਮ ਰਾਘਵ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਇਕਲੌਤੇ ਪੁੱਤਰ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰ ਦਾ ਦਰਦ ਵੇਖਿਆ ਨਹੀਂ ਜਾ ਰਿਹਾ ਹੈ।