ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ : ਡੇਰਾ ਬਾਬਾ ਨਾਨਕ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਪੰਜਾਬ ਸਰਕਾਰ ਵੱਲੋਂ ਮਨਾਏ ਜਾ ਰਹੇ ਰਾਜ ਪੱਧਰੀ ਸੰਪੂਰਨਤਾ ਦਿਵਸ ਦੇ ਸਬੰਧ 'ਚ ਸ਼ਨਿਚਰਵਾਰ ਨੂੰ ਗੁਰਦੁਆਰਾ ਸਿੱਧ ਸਿਉਂ ਰੰਧਾਵਾ ਵਿਖੇ ਅਖੰਡ ਪਾਠ ਆਰੰਭ ਕਰਵਾਏ ਗਏ। ਇਸ ਮੌਕੇ ਭਾਈ ਲਖਬੀਰ ਸਿੰਘ ਡੇਰਾ ਪਠਾਣਾ ਵਾਲਿਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦੀ ਆਰੰਭਤਾ ਕੀਤੀ। ਸਮਾਗਮ ਸਬੰਧੀ ਗੱਲਬਾਤ ਕਰਦਿਆਂ ਹੋਇਆਂ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਜੇਲ੍ਹ ਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪ੍ਰਕਾਸ਼ ਦਿਹਾੜੇ ਦੇ ਸਬੰਧ 'ਚ ਪੰਜਾਬ ਸਰਕਾਰ ਵੱਲੋਂ ਡੇਰਾ ਬਾਬਾ ਨਾਨਕ ਦੀ ਪਵਿੱਤਰ ਧਰਤੀ ਤੇ ਸੰਪੂਰਨਤਾ ਦਿਵਸ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮਾਗਮ 'ਚ ਸ਼ਾਮਲ ਹੋਣ ਲਈ ਰਾਹੁਲ ਗਾਂਧੀ ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਵੀ ਸੱਦਾ ਪੱਤਰ ਭੇਜਿਆ ਗਿਆ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਰਾਜ ਪੱਧਰੀ ਸਮਾਗਮ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਪੰਜਾਬ ਦੀ ਕੈਬਨਿਟ, ਵਿਧਾਇਕ ਤੇ ਸੰਤ ਸਮਾਜ ਵੱਲੋਂ ਸਮਾਗਮ 'ਚ ਸ਼ਮੂਲੀਅਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੋਮਵਾਰ ਨੂੰ ਗੁਰਦੁਆਰਾ ਸਿੱਧ ਸਿਉਂ ਰੰਧਾਵਾ ਵਿਖੇ ਅਖੰਡ ਪਾਠ ਦੇ ਭੋਗ ਪੈਣ ਉਪਰੰਤ ਡੇਰਾ ਬਾਬਾ ਨਾਨਕ ਦੀ ਅਨਾਜ ਮੰਡੀ 'ਚ ਵਿਸ਼ਾਲ ਪੰਡਾਲ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਕੀਤੇ ਜਾਣਗੇ। ਇਸ ਮੌਕੇ ਗੁਰਬਾਣੀ ਦਾ ਕੀਰਤਨ ਕਰਨ ਉਪਰੰਤ ਸੰਤ ਸਮਾਜ ਅਤੇ ਸੀਨੀਅਰ ਲੀਡਰਸ਼ਿਪ ਸੰਬੋਧਨ ਕਰੇਗੀ। ਇਸ ਮੌਕੇ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸਮਾਗਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਇਸ਼ਫਾਕ ਮੁਹੰਮਦ, ਅਰਸਦੀਪ ਸਿੰਘ ਐਸਡੀਐਮ, ਚੇਅਰਮੈਨ ਸ ਨਰਿੰਦਰ ਸਿੰਘ ਬਾਜਵਾ ਡੇਰਾ ਬਾਬਾ ਨਾਨਕ, ਮਨੀ ਮਹਾਜਨ, ਜਸਬੀਰ ਸਿੰਘ ਬੀ ਡੀ ਪੀ ਓ ,ਕੁਲਦੀਪ ਸਿੰਘ ਚੌਹਾਨ ਬੀਡੀਪੀਓ, ਨਿਰਮਲ ਸਿੰਘ ਭੰਗੂ , ਹਰਵਿੰਦਰ ਸਿੰਘ ਅਲਾਵਲਪੁਰ, ਗੁਰਨਾਮ ਸਿੰਘ, ਕਮਲਪ੍ਰੀਤ ਸਿੰਘ ਸਰਪੰਚ ਪੰਨਵਾਂ, ਡਾਕਟਰ ਗੁਰਮੀਤ ਸਿੰਘ ਮਾਨੇਪੁਰ, ਕਮਲਜੀਤ ਸਿੰਘ ਟੋਨੀ ਪੀਏ ਆਦਿ ਹਾਜ਼ਰ ਸਨ।

Posted By: Amita Verma