ਜੇਐੱਨਐੱਨ, ਗੁਰਦਾਸਪੁਰ : ਪੁਰਾਣਾਸ਼ਾਲਾ ਨੇੜੇ ਸੜਕ ਕਿਨਾਰੇ ਬਿਨਾਂ ਇੰਡੀਕੇਟਰ ਦੇ ਖੜ੍ਹੀ ਕਾਰ ਦੇ ਨਾਲ ਟੱਕਰ ਤੋਂ ਬਾਅਦ ਮੁਕੇਰੀਆਂ ਵੱਲੋਂ ਆ ਰਹੀ ਕਾਰ 'ਚ ਵੱਜਣ 'ਤੇ ਫ਼ੌਜੀ ਜ਼ਖ਼ਮੀ ਹੋ ਗਿਆ ਪਰ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ। ਓਧਰ ਘਟਨਾ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਇਸ ਮਾਮਲੇ 'ਚ ਥਾਣਾ ਪੁਰਾਣਾਸ਼ਾਲਾ ਦੀ ਪੁਲਿਸ ਨੇ ਕਾਰ ਚਾਲਕ ਔਰਤ ਸਮੇਤ ਦੋ ਲੋਕਾਂ ਖ਼ਿਲਾਫ਼ ਮ੍ਰਿਤਕ ਨੌਜਵਾਨ ਦੇ ਚਾਚੇ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਸੁਰਿੰਦਰ ਕੁਮਾਰ ਪੁੱਤਰ ਅਮਰ ਸਿੰਘ ਨਿਵਾਸੀ ਬਡਾਲਿਆ (ਹਿਮਾਚਲ ਪ੍ਰਦੇਸ਼) ਨੇ ਦੱਸਿਆ ਕਿ ਉਸ ਦਾ ਭਤੀਜਾ ਮਨਜੀਤ ਸਿੰਘ ਆਰਮੀ ਕੈਂਟ ਤਿੱਬੜੀ 'ਚ ਨੌਕਰੀ ਕਰਦਾ ਸੀ। ਬੀਤੀ ਸੋਮਵਾਰ ਉਸ ਦਾ ਭਤੀਜਾ ਬੁਲੇਟ ਮੋਟਰਸਾਈਕਲ 'ਤੇ ਮੁਕੇਰੀਆਂ ਜਾ ਰਿਹਾ ਸੀ। ਜਦੋਂ ਉਹ ਪੁਰਾਣਾਸ਼ਾਲਾ ਨੇੜੇ ਪਹੁੰਚਿਆ ਤਾਂ ਸੜਕ 'ਤੇ ਬਿਨਾਂ ਇੰਡੀਕੇਟਰ ਦੇ ਖੜ੍ਹੀ ਡਿਜ਼ਾਇਰ ਕਾਰ ਦੇ ਪਿਛਲੀ ਸਾਈਡ 'ਚ ਜਾ ਵੱਜਾ। ਕਾਰ ਨਾਇਬ ਸੂਬੇਦਾਰ ਵਿਜੈ ਕੁਮਾਰ ਪੁੱਤਰ ਰਤਨ ਲਾਲ ਨਿਵਾਸੀ ਵਿਜੈ ਨੰਗਰ ਸਾਂਬਾ ਦੀ ਸੀ ਜਿਸ ਨਾਲ ਟਕਰਾਉਣ ਤੋਂ ਬਾਅਦ ਉਸ ਦਾ ਭਤੀਜਾ ਆਪਣਾ ਸੰਤੁਲਨ ਗਵਾ ਬੈਠਾ ਤੇ ਮੁਕੇਰੀਆਂ ਸਾਈਡ ਤੋਂ ਆ ਰਹੀ ਵਰਨਾ ਕਾਰ, ਜਿਸ ਨੂੰ ਗੁਰਪ੍ਰੀਤ ਕੌਰ ਪਤਨੀ ਰਜਿੰਦਰਪਾਲ ਨਿਵਾਸੀ ਪ੍ਰੇਮ ਨਗਰ ਗੁਰਦਾਸਪੁਰ ਚਲਾ ਰਹੀ ਸੀ, ਨਾਲ ਟਕਰਾ ਗਿਆ। ਕਾਰ ਦੇ ਨਾਲ ਟਕਰਾਉਣ ਕਾਰਨ ਉਸ ਦਾ ਭਤੀਜਾ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਘਟਨਾ ਤੋਂ ਬਾਅਦ ਆਸਪਾਸ ਦੇ ਲੋਕ ਇਕੱਤਰ ਹੋ ਗਏ ਤੇ ਜ਼ਖ਼ਮੀ ਮਨਜੀਤ ਸਿੰਘ ਨੂੰ ਮਿਲਟਰੀ ਹਸਪਤਾਲ ਤਿੱਬੜੀ ਕੈਂਟ ਲੈ ਗਏ। ਇਲਾਜ ਦੌਰਾਨ ਮਨਜੀਤ ਸਿੰਘ ਨੇ ਦਮ ਤੋੜ ਦਿੱਤਾ।

ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਏਐੱਸਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਪਾਰਟੀ ਮੌਕੇ 'ਤੇ ਪਹੁੰਚੀ ਅਤੇ ਜ਼ਖ਼ਮੀ ਤੇ ਵਾਹਨ ਨੂੰ ਕਬਜ਼ੇ 'ਚ ਲੈ ਲਿਆ। ਦੋਵੇਂ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਏ ਸਨ।

Posted By: Seema Anand