ਆਕਾਸ਼, ਗੁਰਦਾਸਪੁਰ : ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਪਰਾਲੀ ਦੀ ਸਮੱਸਿਆ ਨਾਲ ਨਜਿੱਠਣ ਲਈ ਗੰਭੀਰਤਾ ਨਾਲ ਕਦਮ ਪੁੱਟੇ ਜਾ ਰਹੇ ਹਨ ਅਤੇ ਇਸ ਦਿਸ਼ਾ 'ਚ ਕਈ ਉਪਰਾਲੇ ਵਿਚਾਰ ਅਧੀਨ ਹਨ। ਇਹ ਵਿਚਾਰ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਇਕ ਜਾਰੀ ਪ੍ਰਰੈਸ ਬਿਆਨ ਰਾਹੀਂ ਪੱਤਰਕਾਰਾਂ ਨਾਲ ਸਾਂਝੇ ਕੀਤੇ।

ਪਾਹੜਾ ਨੇ ਦੱਸਿਆ ਕਿ ਰਾਜ ਸਰਕਾਰ ਵੱਲੋਂ ਨਿਊ ਜਨਰੇਸ਼ਨ ਪਾਵਰ ਇੰਟਨੈਸ਼ਨਲ ਦੇ ਸਹਿ-ਸੰਸਾਥਪਕ ਤੇ ਚੇਅਰਮੈਨ ਅਮਰੀਕਾ ਨਿਵਾਸੀ ਡਾ. ਚਿਰੰਨਜੀਵ ਕਥੂਰੀਆ ਜੋ ਕਿ ਨਵੀਆਂ-ਨਵੀਆਂ ਖੋਜਾਂ ਕਰਨ ਲਈ ਦੁਨੀਆਂ ਵਿਚ ਮਸ਼ਹੂਰ ਹਨ, ਨਾਲ ਸੰਪਰਕ ਕੀਤਾ ਗਿਆ ਸੀ ਤੇ ਉਨ੍ਹਾਂ ਨੂੰ ਇਸ ਖੇਤਰ 'ਚ ਕੰਮ ਕਰਨ ਦੀ ਅਪੀਲ ਕੀਤੀ ਸੀ। ਉਨ੍ਹਾਂ ਅੱਗੇ ਦੱਸਿਆ ਕਿ ਡਾ. ਕਥੂਰੀਆ ਨੇ ਪੰਜਾਬ ਦੇ ਕਿਸਾਨਾਂ ਦੀ ਸਮੱਸਿਆ ਅਤੇ ਕਿਸਾਨੀ ਸੰਕਟ ਸਬੰਧੀ ਡੂੰਘਾ ਅਧਿਐਨ ਕਰਨ ਤੋਂ ਪਰਾਲੀ ਤੇ ਤੂੜੀ ਦੀ ਰਹਿੰਦ-ਖੂਹੰਦ ਤੋਂ ਊਰਜਾ ਬਣਾਉਣ ਦੇ ਖੇਤਰ 'ਚ ਨਿਵੇਸ਼ ਕਰਨ ਦਾ ਫੈਸਲਾ ਲਿਆ ਹੈ। ਸ੍ਰੀ ਕਥੂਰੀਆ ਆਪਣੀ ਸਹਿਯੋਗੀ ਸੰਸਥਾਵਾਂ ਨਾਲ ਮਿਲ ਕੇ ਪੰਜਾਬ 'ਚ 25 ਹਜ਼ਾਰ ਕਰੋੜ ਰੁਪਏ ਦੇ ਲਗਭਗ ਨਿਵੇਸ਼ ਕਰਨਗੇ।

ਸ. ਪਾਹੜਾ ਨੇ ਦੱਸਿਆ ਕਿ ਡਾ. ਚਿਰੰਜੀਵ ਕਥੂਰੀਆ ਅਨੁਸਾਰ ਉਨ੍ਹਾਂ ਦੀ ਸੰਸਥਾ ਪੰਜਾਬ ਰਾਜ 'ਚ 15-20 ਪਿੰਡਾਂ ਦਾ ਇਕ ਕਲੱਸਟਰ ਬਣਾ ਕੇ 5 ਤੋਂ 20 ਮੈਗਾਵਾਟ ਤਕ ਦੇ ਬਾਇਓਮਾਸ ਪਲਾਂਟ ਅਤੇ ਸੋਲਰ ਊਰਜਾ ਪਲਾਂਟ ਸਥਾਪਤ ਕਰੇਗੀ । ਜਿਨ੍ਹਾਂ ਦੀ ਕੁੱਲ ਸਮਰੱਥਾ 3000 ਮੈਗਾਵਾਟ ਸੋਲਰ ਪਾਵਰ ਤੇ 1000 ਮੈਗਾਵਾਟ ਬਾਇਓਮਾਸ ਪਲਾਂਟ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਾਲ ਇਸ ਸਬੰਧੀ ਬਾਇੰਡਿੰਗ ਐਗਰੀਮੈਂਟ ਕੀਤਾ ਜਾਵੇਗਾ ਜਿਸ ਤਹਿਤ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਪਲਾਂਟਾਂ ਤੋਂ ਬਿਜਲੀ ਦੀ ਖ਼ਰੀਦ ਕੀਤੀ ਜਾਵੇਗੀ ਅਤੇ ਜਦੋਂ ਇਨ੍ਹਾਂ ਪਲਾਂਟਾਂ ਦੀ ਉਸਾਰੀ ਉੱਤੇ ਹੋਏ ਖ਼ਰਚ ਬਰਾਬਰ ਰਕਮ ਸੰਸਥਾ ਵੱਲੋਂ ਬਿਜਲੀ ਦੀ ਵਿਕਰੀ ਰਾਹੀਂ ਜੁਟਾ ਲਈ ਜਾਵੇਗੀ ਤਾਂ ਇਹ ਪਲਾਂਟ ਪੰਜਾਬ ਸਰਕਾਰ ਨੂੰ ਸੌਂਪ ਦਿੱਤੇ ਜਾਣਗੇ।

ਸ. ਪਾਹੜਾ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵਾਤਾਵਰਨ ਨੂੰ ਸ਼ੁੱਧ ਰੱਖਣ ਤੇ ਜ਼ਮੀਨ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਣ ਲਈ ਪਰਾਲੀ ਨੂੰ ਅੱਗ ਨਾ ਲਾਉਣ ਸਗੋਂ ਖੇਤਾਂ ਵਿਚ ਹੀ ਵਾਹੁਣ। ਇਸ ਨਾਲ ਜਿਥੇ ਧਰਤੀ ਦੀ ਤਾਕਤ ਬਣੀ ਰਹਿੰਦੀ ਹੈ ਉੱਥੇ ਜ਼ਮੀਨ ਵਿਚਲੇ ਤੱਤ ਵੀ ਫ਼ਸਲ ਦੀ ਪੈਦਾਵਾਰ ਵਧਾਉਣ ਲਈ ਸਹਾਈ ਹੁੰਦੇ ਹਨ।