ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ : ਪਹਿਲੀ ਪਾਤਸਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਭਾਰਤ ਅਤੇ ਪਾਕਿਸਤਾਨ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ਤੋਂ ਖੋਲ੍ਹੇ ਗਏ ਲਾਂਘੇ ਰਾਹੀਂ ਪੰਜਵੇਂ ਦਿਨ 272 ਭਾਰਤੀ ਸ਼ਰਧਾਲੂਆਂ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕੀਤੇ। ਇਸ ਮੌਕੇ ਕੌਮਾਂਤਰੀ ਸਰਹੱਦ ਤੇ ਪੁੱਜੇ ਸ਼ਰਧਾਲੂਆਂ ਨੇ ਕਿਹਾ ਕਿ ਵਾਹਗਾ ਬਾਰਡਰ 'ਤੇ ਦੇਸ਼ ਭਗਤੀ ਦਾ ਜਜ਼ਬਾ ਅਤੇ ਕਰਤਾਰਪੁਰ ਕੋਰੀਡੋਰ 'ਤੇ ਗੁਰੂ ਦੀ ਸ਼ਰਧਾ ਦਾ ਸੈਲਾਬ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰ ਕੇ ਉਨ੍ਹਾਂ ਦੇ ਦਿਲਾਂ ਨੂੰ ਠੰਢ ਪੈਂਦੀ ਹੈ। ਬੁੱਧਵਾਰ ਨੂੰ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ਤੇ ਬਣੇ ਟਰਮੀਨਲ ਤੋਂ ਬਾਹਰ ਆ ਰਹੇ ਸ਼ਰਧਾਲੂ ਜਥੇਦਾਰ ਬਚਿੱਤਰ ਸਿੰਘ ਪੁੱਤਰ ਕਿਰਪਾਲ ਸਿੰਘ ਵਾਸੀ ਕਲਾਨੌਰ, ਲਵਪ੍ਰਰੀਤ ਸਿੰਘ ਪਟੀ, ਬਲਦੇਵ ਸਿੰਘ ਗਾਜ਼ੀਆਬਾਦ, ਇੰਦਰਜੀਤ ਕੌਰ ਚੰਡੀਗੜ੍ਹ, ਤਲਵਿੰਦਰ ਸਿੰਘ ਨਾਢਾ ਸਾਹਿਬ ਨੇ ਪੰਜਾਬੀ ਜਾਗਰਣ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਦੇ ਅਨਮੋਲ ਪਲ ਹਨ ਜੋ ਆਪਣੇ ਜੀਵਨ 'ਚ ਪਹਿਲੀ ਵਾਰ ਪਾਕਿਸਤਾਨ ਸਥਿਤ ਗੁਰਦਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕੀਤੇ ਹਨ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਪਾਕਿਸਤਾਨ ਦੇ ਪ੍ਰਬੰਧਕਾਂ ਤੇ ਪਾਕਿਸਤਾਨੀ ਬਾਸ਼ਿੰਦਿਆਂ ਵੱਲੋਂ ਉਨ੍ਹਾਂ ਨੂੰ ਦਿੱਤੇ ਢੇਰ ਸਾਰੇ ਪਿਆਰ ਤੇ ਮਿੱਠੇ ਬੋਲ ਉਨ੍ਹਾਂ ਨੂੰ ਜ਼ਿੰਦਗੀ 'ਚ ਹਮੇਸ਼ਾ ਯਾਦ ਰਹਿਣਗੇ। ਭਾਰਤ ਪਾਕਿ ਬਟਵਾਰੇ ਦੇ ਦਰਦਾਂ ਨੂੰ ਅੱਜ ਵੀ ਪਾਕਿਸਤਾਨ ਦੇ ਬਸ਼ਿੰਦੇ ਆਪਣੀ ਜ਼ੁਬਾਨ ਰਾਹੀਂ ਦੱਸਦੇ ਹੋਏ ਅੱਖਾਂ ਵਿੱਚੋਂ ਨੀਰ ਵਹਾਉਂਦੇ ਹਨ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਵਿੱਚ ਉਨ੍ਹਾਂ ਨੂੰ ਆਪਣਿਆਂ ਨਾਲੋਂ ਵੀ ਵੱਧ ਪਿਆਰ ਮਿਲਿਆ। ਇਸ ਮੌਕੇ ਜਥੇਦਾਰ ਬਚਿੱਤਰ ਸਿੰਘ ਕਲਾਨੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਪਾਕਿਸਤਾਨ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਧਿਆਨਪੁਰ ਧਾਮ ਦੇ ਜੰਮਪਲ ਕਾਹਲੋਂ ਪਰਿਵਾਰ ਨਾਲ ਸੰਬੰਧਤ ਪਰਿਵਾਰ ਮਿਲੇ, ਜਿਨ੍ਹਾਂ ਨੇ ਆਪਣੇ ਵੱਡੇ ਵਡੇਰਿਆਂ ਦੀਆਂ ਪੁਰਾਣੀਆਂ ਗੱਲਾਂ ਨੂੰ ਉਨ੍ਹਾਂ ਨਾਲ ਸਾਂਝਾ ਕੀਤਾ। ਜਥੇਦਾਰ ਬਚਿੱਤਰ ਸਿੰਘ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਕਰਤਾਰਪੁਰ ਵਿਖੇ ਜਾਣ ਉਪਰੰਤ ਉਨ੍ਹਾਂ ਨੂੰ ਪਤਾ ਲੱਗਾ ਕਿ ਪਾਕਿਸਤਾਨ 'ਚ ਅੱਤ ਦੀ ਮਹਿੰਗਾਈ ਹੈ। ਅਦਰਕ 300 ਰੁਪਏ ਕਿੱਲੋ ਵਿਕ ਰਿਹਾ ਹੈ ਤੇ ਪਿਆਜ਼, ਆਲੂ ਦੇ ਭਾਅ ਵੀ ਅਸਮਾਨੀ ਚੜ੍ਹੇ ਹਨ ਜੋ ਭਾਰਤ ਨਾਲੋਂ ਚਾਰ ਗੁਣਾ ਵੱਧ ਰੇਟ ਹੈ। ਉਨ੍ਹਾਂ ਸ਼ਰਧਾਲੂਆਂ ਨੂੰ ਸਲਾਹ ਦਿੱਤੀ ਕਿ ਪਾਕਿਸਤਾਨ 'ਚ 7 ਕਿੱਲੋ ਭਾਰ ਲਿਜਾਣ ਦੀ ਮਨਜ਼ੂਰੀ ਹੈ। ਉੱਥੇ ਉਹ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਲੰਗਰਾਂ ਲਈ ਕੱਚਾ ਸਾਮਾਨ ਜਿਵੇਂ ਅਦਰਕ, ਪਿਆਜ਼, ਆਲੂ ਆਦਿ ਸੇਵਾ ਵਜੋਂ ਨਾਲ ਲੈ ਕੇ ਜਾਣ ਤੇ ਗੁਰੂ ਘਰ ਦੇ ਲੰਗਰਾਂ ਦੀ ਸੇਵਾ ਕਰਨ। ਇਸ ਮੌਕੇ ਤੇ ਬਲਦੇਵ ਸਿੰਘ ਗਾਜ਼ੀਆਬਾਦ ਨੇ ਦੱਸਿਆ ਕਿ ਉਸ ਨੇ ਅੰਮਿ੍ਤਸਰ ਸਥਿਤ ਵਾਹਗਾ ਬਾਰਡਰ ਅਟਾਰੀ ਤੇ ਚਾਰ ਵਾਰ ਭਾਰਤ ਪਾਕਿ ਸਰਹੱਦ ਨੂੰ ਵੇਖਿਆ ਹੈ ਜਿੱਥੇ ਉਨ੍ਹਾਂ ਨੂੰ ਦੇਸ਼ ਭਗਤੀ ਦਾ ਜਜ਼ਬਾ ਵੇਖਣ ਨੂੰ ਮਿਲਿਆ ਸੀ ਪਰ ਕਰਤਾਰਪੁਰ ਕੋਰੀਡੋਰ ਤੇ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਕੇ ਉਸ ਨੂੰ ਦਿਲੀਂ ਸਕੂਨ ਮਿਲਿਆ ਹੈ। ਲਾਂਘੇ 'ਤੇ ਸ਼ਰਧਾ ਦਾ ਸੈਲਾਬ ਵੇਖਣ ਨੂੰ ਮਿਲਿਆ ਹੈ। ਲਵਪ੍ਰਰੀਤ ਸਿੰਘ ਪੱਟੀ ਨੇ ਦੱਸਿਆ ਕਿ ਉਸ ਨੇ ਪਾਕਿਸਤਾਨ ਤੋਂ ਪਾਕਿਸਤਾਨੀ ਕਰੰਸੀ ਦੇ 10 ਰੁਪਏ ਅਤੇ 20 ਰੁਪਏ ਯਾਦਗਾਰ ਵਜੋਂ ਲਿਆਂਦੇ। ਬਚਿੱਤਰ ਸਿੰਘ ਅਤੇ ਉਨ੍ਹਾਂ ਦੀ ਧਰਮ ਪਤਨੀ ਬਲਵਿੰਦਰ ਕੌਰ ਵੱਲੋਂ ਪਾਕਿਸਤਾਨ ਤੋਂ ਲਿਆਂਦੇ ਦੁਸ਼ਾਲੇ ਵੀ ਦਿਖਾਏ ਗਏ ਅਤੇ ਪਾਕਿਸਤਾਨ ਸਰਕਾਰ ਵੱਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਬਣਾਏ ਗਏ ਦੀਵਾਨ ਹਾਲ, ਲੰਗਰ ਹਾਲ ਅਤੇ ਗੁਰਦੁਆਰਾ ਸਾਹਿਬ ਦੇ ਕੀਤੇ ਸੁੰਦਰੀਕਰਨ ਅਤੇ ਖੰਡੇ ਦੇ ਨਿਰਮਾਣ ਦੀ ਵੀ ਪ੍ਰਸ਼ੰਸਾ ਕੀਤੀ।