ਆਕਾਸ਼, ਗੁਰਦਾਸਪੁਰ : ਕੇਂਦਰੀ ਜੇਲ੍ਹ ਗੁਰਦਾਸਪੁਰ 'ਚ ਅੱਜ ਜੇਲ੍ਹ ਅਧਿਕਾਰੀਆਂ ਨੂੰ ਉਸ ਵੇਲੇ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਜੇਲ੍ਹ 'ਚ ਬੰਦ ਕੈਦੀਆਂ 'ਚੋਂ ਇਕੱਠੇ 54 ਕੈਦੀਆਂ/ਹਵਾਲਾਤੀਆਂ ਦੀ ਕੋਰੋਨਾ ਟੈਸਟ ਰਿਪੋਰਟ ਪਾਜ਼ੇਟਿਵ ਆ ਗਈ। ਇੰਨੀ ਵੱਡੀ ਗਿਣਤੀ 'ਚ ਕੈਦੀਆਂ ਦੇ ਕੋਰੋਨਾ ਪਾਜੇਟਿਵ ਆਉਣ ਪਿੱਛੋਂ ਬਾਕੀ ਕੈਦੀਆਂ ਦੇ ਨਾਲ-ਨਾਲ ਜੇਲ੍ਹ ਸਟਾਫ਼ 'ਚ ਵੀ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਜੇਲ੍ਹ ਪ੍ਰਸ਼ਾਸਨ ਨੇ ਤੁਰੰਤ ਇਨ੍ਹਾਂ ਕੈਦੀਆਂ ਨੂੰ ਮੋਗਾ ਜੇਲ੍ਹ ਤੇ ਕੇਂਦਰੀਂ ਜੇਲ੍ਹ ਲੁਧਿਆਣਾ 'ਚ ਬਣੀਆਂ ਸਪੈਸ਼ਲ ਕੋਵਿਡ ਜੇਲ੍ਹਾਂ 'ਚ ਸ਼ਿਫਟ ਕੀਤਾ। ਜੇਲ੍ਹ ਸੁਪਰਡੈਂਟ ਬਲਕਾਰ ਸਿੰਘ ਭੁੱਲਰ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਜੇਲ੍ਹ 'ਚ ਕੁੱਲ 685 ਕੈਦੀ/ਹਵਾਲਾਤੀ ਬੰਦ ਹਨ।

ਜਾਣਕਾਰੀ ਅਨੁਸਾਰ ਕੇਂਦਰੀਂ ਜੇਲ੍ਹ ਗੁਰਦਾਸਪੁਰ 'ਚ ਬੰਦ ਕੈਦੀਆਂ ਤੇ ਹਵਾਲਾਤੀਆਂ ਦੇ ਦੋ ਦਿਨ ਪਹਿਲਾਂ ਸੈਂਪਲ ਲਏ ਗਏ ਸਨ। ਅੱਜ ਸਵੇਰੇ ਜਦੋਂ ਉਕਤ ਕੈਦੀਆਂ ਦੀ ਟੈਸਟ ਰਿਪੋਰਟ ਆਈ ਤਾਂ ਸੂਚੀ 'ਚ ਇਕੱਠੇ 54 ਕੈਦੀਆਂ ਦੀ ਰਿਪੋਰਟ ਪਾਜ਼ੇਟਿਵ ਵੇਖ ਕੇ ਜੇਲ੍ਹ ਪ੍ਰਸ਼ਾਸ਼ਨ ਵੀ ਹੈਰਾਨ ਰਹਿ ਗਿਆ। ਅਧਿਕਾਰੀਆਂ ਵੱਲੋਂ ਤੁਰੰਤ ਇਨ੍ਹਾਂ ਨੂੰ ਸ਼ਿਫਟ ਕਰਨ ਦੀ ਤਿਆਰੀ ਕੀਤੀ ਗਈ। ਕੁਝ ਸਮੇਂ ਬਾਅਦ 27 ਕੈਦੀਆਂ ਨੂੰ ਮੋਗਾ ਅਤੇ 27 ਨੂੰ ਲੁਧਿਆਣਾ ਦੀਆਂ ਜੇਲ੍ਹਾਂ 'ਚ ਪੂਰੀ ਸੁਰੱਖਿਆ ਹੇਠ ਸ਼ਿਫਟ ਕੀਤਾ ਗਿਆ ਜਿੱਥੇ ਉਹ ਇਕਾਂਤਵਾਸ 'ਚ ਰਹਿਣਗੇ।

ਜੇਲ੍ਹ ਸੁਪਰਡੈਂਟ ਬਲਕਾਰ ਸਿੰਘ ਭੁੱਲਰ ਨੇ ਕਿਹਾ ਕਿ ਕੈਦੀਆਂ ਨੂੰ ਸ਼ਿਫ਼ਟ ਕਰਨ ਉਪਰੰਤ ਜੇਲ੍ਹ ਦੀਆਂ ਬੈਰਕਾਂ ਨੂੰ ਰੋਜ਼ ਦੀ ਤਰ੍ਹਾਂ ਛਿੜਕਾਅ ਕਰਕੇ ਸੈਨੇਟਾਈਜ਼ ਕੀਤਾ ਗਿਆ ਤੇ ਪੂਰੀ ਇਹਤਿਆਤ ਵਰਤੀ ਜਾ ਰਹੀ ਹੈ। ਫ਼ਿਲਹਾਲ ਕੈਦੀਆਂ ਨਾਲ ਮੁਲਾਕਾਤਾਂ ਦੇ ਸਿਲਸਿਲੇ 'ਤੇ ਰੋਕ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਗੁਰਦਾਸਪੁਰ ਜੇਲ੍ਹ ਨੂੰ ਸਪੈਸ਼ਲ ਜੇਲ੍ਹ ਬਣਾਇਆ ਗਿਆ ਹੈ ਜਿਥੇ ਬਾਹਰੀ ਜ਼ਿਲ੍ਹਿਆਂ ਦੇ ਹਵਾਲਾਤੀ ਅਹਿਤਿਆਤ ਵਜੋਂ ਸ਼ਿਫਟ ਹੁੰਦੇ ਹਨ। ਇਨ੍ਹਾਂ ਦੇ ਟੈਸਟ ਵੀ ਲਗਾਤਾਰ ਹੁੰਦੇ ਰਹਿੰਦੇ ਨੇ ਤੇ ਪਾਜੇਟਿਵ ਆਉਣ'ਤੇ ਪ੍ਰਕਿਰਿਆ ਤਹਿਤ ਹੋਰਨਾਂ ਸਪੈਸ਼ਲ ਜੇਲ੍ਹਾਂ 'ਚ ਇਕਾਂਤਵਾਸ ਲਈ ਭੇਜਿਆ ਜਾਂਦਾ ਹੈ।

Posted By: Sarabjeet Kaur