ਸੋਹਣ ਲਾਲ, ਸਿਹੋੜਾ : ਦਾਣਾ ਮੰਡੀਆਂ 'ਚ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਮੁੱਖ ਰੱਖਦਿਆਂ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੇ ਹੁਕਮਾਂ 'ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਪਠਾਨਕੋਟ ਦੀ ਟੀਮ ਵੱਲੋਂ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਭੋਆ ਦਾਣਾ ਮੰਡੀ ਦਾ ਦੌਰਾ ਕਰਕੇ ਹੋ ਰਹੀ ਝੋਨੇ ਦੀ ਜਿਨਸ ਦੀ ਤੁਲਾਈ ਦਾ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਅੰਸ਼ੁਮਨ ਸ਼ਰਮਾ,ਨਿਰਪਜੀਤ ਸਿੰਘ ਖੇਤੀ ਉਪ ਨਿਰੀਖਕ,ਅਮਨਦੀਪ ਸਿੰਘ ਸਹਾਇਕ ਤਕਨਾਲੋਜੀ ਪ੍ਰਬੰਧਕ (ਆਤਮਾ) ਹਾਜ਼ਰ ਸਨ। ਦੌਰੇ ਦੌਰਾਨ 5 ਮੰਡੀਆਂ ਵਿਚ ਹੋ ਰਹੀ ਤੁਲਾਈ ਚੈੱਕ ਕੀਤੀ ਗਈ ਅਤੇ ਦੋ ਆੜ੍ਹਤੀ,ਕਿਸਾਨ ਦੁਆਰਾ ਵਿਕਰੀ ਲਈ ਲਿਆਂਦੀ ਝੋਨੇ ਦੀ ਫਸਲ ਦਾ ਵੱਧ ਤੋਲ ਚੈੱਕ ਕਰਦੇ ਕਾਬੂ ਕੀਤੇ ਗਏ। ਇਸ ਮੌਕੇ ਟੀਮ ਵੱਲੋਂ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਜਾਗਰੂਕ ਕੀਤਾ ਕਿ ਫਸਲਾਂ ਦੀ ਰਹਿੰਦ ਖੁਹੰਦ ਨੂੰ ਅੱਗ ਲਗਾਏ ਬਿਨਾਂ ਖੇਤੀ ਕਰਨੀ ਚਾਹੀਦੀ ਹੈ। ਦਾਣਾ ਮੰਡੀ ਭੋਆ ਵਿਚ ਕਿਸਾਨਾਂ ਤੇ ਆੜ੍ਹਤੀਆਂ ਨਾਲ ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਆਮ ਕਰਕੇ ਕਿਸਾਨ ਸੋਚਦੇ ਹਨ ਕਿ ਖੇਤੀ ਜਿਨਸਾਂ ਦਾ ਮੰਡੀਕਰਨ ਪੈਦਾਵਾਰ ਤੋਂ ਬਾਅਦ ਵਿਚ ਸ਼ੁਰੂ ਹੁੰਦਾ ਹੈ, ਜਦ ਕਿ ਕਿਸਾਨਾਂ ਨੂੰ ਫਸਲ ਦੀ ਬਿਜਾਈ ਤੋਂ ਪਹਿਲਾਂ ਹੀ ਮੰਡੀਰਨ ਬਾਰੇ ਸੋਚਣਾ ਚਾਹੀਦਾ ਹੈ। ਉਨਾਂ ਕਿਹਾ ਕਿ ਕਿਸਾਨਾਂ ਨੂੰ ਜਿਨਸ ਦੀ ਤੁਲਾਈ ਅਤੇ ਵਿਕਰੀ ਸਮੇਂ ਵਧੇਰੇ ਸੁਚੇਤ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਤੁਲਾਈ 37.500 ਕਿੱਲੋ ਪ੍ਰਤੀ ਬੋਰੀ ਦੀ ਭਰਾਈ ਕੀਤੀ ਜਾ ਰਹੀ ਅਤੇ ਬੋਰੀ ਦਾ ਭਾਰ 750 ਗ੍ਰਾਮ ਹੁੰਦਾ ਹੈ। ਉਨ੍ਹਾਂ ਕਿਹਾ ਕਿ ਆੜ੍ਹਤੀ ਦੇ ਤੋਲੇ ਦੁਆਰਾ ਕੰਢਾ 38 ਕਿੱਲੋ 200 ਗ੍ਰਾਮ ਤੇ ਬੰਨ੍ਹ ਕੇ ਤੁਲਾਈ ਕਰਨੀ ਹੁੰਦੀ ਹੈ ਇਸ ਲਈ ਕਿਸਾਨ ਨੂੰ ਤੁਲਾਈ ਸਮੇਂ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਤੋਲ 38.200 ਗ੍ਰਾਮ ਤੇ ਹੀ ਹੋਵੇ। ਉਨਾਂ ਦੱਸਿਆ ਕਿ ਅੱਜ ਕੀਤੀ ਚੈਕਿੰਗ ਦੌਰਾਨ ਅਨਮੋਲ ਟ੍ਰੇਡਰਜ਼ ਕਮਿਸ਼ਨ ਏਜੰਟ ਤੇ ਵਰਿੰਦਰ ਕੁਮਾਰ ਐਂਡ ਸਨਜ਼ ਦੇ ਤੋਲਿਆਂ ਵੱਲੋਂ ਵੱਧ ਤੋਲ ਤੋਲਿਆਂ ਜਾ ਰਿਹਾ ਸੀ, ਜਿਸ ਨੂੰ ਮੌਕੇ 'ਤੇ ਹੀ ਕਾਬੂ ਕਰਕੇ ਸੰਬੰਧਤ ਕਿਸਾਨ ਨੂੰ ਵਾਧੂ ਤੋਲ ਦੀ ਕੀਮਤ ਦਾ ਜੇ ਫਾਰਮ ਕਟਵਾ ਕੇ ਦੇ ਦਿੱਤਾ ਗਿਆ ਅਤੇ ਅਗਲੇਰੀ ਕਾਰਵਾਈ ਲਈ ਉੱਚ ਅਧਿਕਾਰੀਆਂ ਨੂੰ ਲਿਖ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਫਸਲ ਦੀ ਵਿਕਰੀ ਉਪਰੰਤ ਪੱਕੀ ਪਰਚੀ ਭਾਵ 'ਜੇ' ਫਾਰਮ ਜ਼ਰੂਰ ਲਿਆ ਜਾਵੇ, ਜੇਕਰ ਆੜ੍ਹਤੀ 'ਜੇ' ਫਾਰਮ ਦੇਣ ਤੋਂ ਇਨਕਾਰੀ ਹੁੰਦਾ ਹੈ ਜਾਂ ਕੱਚੀ ਪਰਚੀ ਦਿੰਦਾ ਹੈ ਤਾਂ ਕਿਸਾਨ ਜ਼ਿਲ੍ਹਾ ਮੰਡੀ ਅਫਸਰ ਨੂੰ ਲਿਖਤੀ ਰੂਪ ਵਿਚ ਸ਼ਿਕਾਇਤ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਹਾਈਬਿ੍ਡ ਕਿਸਮਾਂ ਦੀ ਬਿਜਾਏ ਸਿਫਾਰਸ਼ਸ਼ੁਦਾ ਝੋਨੇ ਦੀਆਂ ਕਿਸਮਾਂ ਦੀ ਹੀ ਕਾਸ਼ਤ ਕੀਤੀ ਜਾਵੇ।