ਪਵਨ ਤੇ੍ਹਨ, ਬਟਾਲਾ

ਪੰਜਾਬ ਸਰਕਾਰ ਨਸ਼ਿਆਂ ਨੂੰ ਰੋਕਣ ਲਈ ਤਿੰਨ ਨੁਕਾਤੀ ਪ੍ਰਰੋਗਰਾਮ ਈ-ਡੀ-ਪੀ (ਇਨਫਾਰਸਮੈਂਟ-ਡੀਅਡੀਕਸ਼ਨ-ਪ੍ਰਰੀਵੈਨਸ਼ਨ) 'ਤੇ ਕੰਮ ਕੀਤਾ ਜਾ ਰਿਹਾ ਹੈ। ਇਨਫਾਰਸਮੈਂਟ ਤਹਿਤ ਪੁਲਿਸ ਵਿਭਾਗ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਰਹੀ ਜਦਕਿ ਡੀਅਡੀਕਸ਼ਨ ਤਹਿਤ ਸਿਹਤ ਵਿਭਾਗ ਵੱਲੋਂ ਜੇਕਰ ਕੋਈ ਵਿਅਕਤੀ ਨਸ਼ਾ ਕਰਦਾ ਹੈ ਤਾਂ ਉਸ ਨੂੰ ਓਟ ਸੈਂਟਰਾਂ 'ਚ ਲਿਜਾਅ ਕੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਤੀਸਰੇ ਨੁਕਤੇ ਤਹਿਤ ਪ੍ਰਰੀਵੈਨਸ਼ਨ ਤਹਿਤ ਪੰਜਾਬ ਸਰਕਾਰ ਵੱਲੋਂ 'ਬੱਡੀ ਪ੍ਰਰੋਗਰਾਮ' ਚਲਾਇਆ ਜਾ ਰਿਹਾ ਹੈ, ਜਿਸ ਤਹਿਤ ਸਿੱਖਿਆ ਸੰਸਥਾਵਾਂ ਵਿੱਚ ਬੱਡੀ ਗਰੁੱਪ ਬਣਾਏ ਗਏ ਹਨ ਜੋ ਕਿ ਨੌਜ਼ਵਾਨਾਂ ਨੂੰ ਨਸ਼ਿਆਂ ਦੀਆਂ ਬੁਰਾਈਆਂ ਤੋਂ ਜਾਣੂ ਕਰਾ ਕੇ ਨੌਜ਼ਵਾਨਾਂ ਨੂੰ ਨਸ਼ਿਆਂ ਦੇ ਵਹਿਣ ਵਿੱਚ ਰੁੜਨੋ ਬਚਾਉਂਦੇ ਹਨ। ਜ਼ਿਲ੍ਹਾ ਪ੍ਰਰੀਸ਼ਦ ਚੇਅਰਮੈਨ ਰਵੀਨੰਦਨ ਸਿੰਘ ਬਾਜਵਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ 'ਚ ਬੱਡੀ ਪ੍ਰਰੋਗਰਾਮ ਦੀ ਸ਼ੁਰੂਆਤ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 15 ਅਗਸਤ, 2018 ਨੂੰ ਲੁਧਿਆਣੇ ਤੋਂ ਕੀਤੀ ਗਈ ਸੀ। ਇਸ ਪ੍ਰਰੋਗਰਾਮ ਵਿਚ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਪ੍ਰਰੋਗਰਾਮ ਅਧੀਨ ਹਰੇਕ ਸਕੂਲ/ਕਾਲਜ 'ਚ ਹਰ ਸੈਕਸ਼ਨ ਦੇ 5-5 ਬੱਚਿਆਂ ਦੇ ਗਰੁੱਪ ਬਣਾਏ ਗਏ ਹਨ ਅਤੇ ਹਰੇਕ ਬੱਚੇ ਨੂੰ ਬੱਡੀ ਬੋਲਿਆ ਜਾਂਦਾ ਹੈ। ਹਰੇਕ ਕਲਾਸ ਇੰਚਾਰਜ ਨੂੰ ਸੀਨੀਅਰ ਬੱਡੀ ਲਗਾਇਆ ਗਿਆ ਹੈ। ਸਕੂਲ 'ਚ ਕਿਸੇ ਕਾਬਲ ਅਧਿਆਪਕ ਨੂੰ ਸਕੂਲ ਮੁਖੀ ਦੁਆਰਾ ਬੱਡੀ ਪ੍ਰਰੋਗਰਾਮ ਦਾ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਚੇਅਰਮੈਨ ਰਵੀਨੰਦਨ ਬਾਜਵਾ ਨੇ ਦੱਸਿਆ ਕਿ ਸੀਨੀਅਰ ਬੱਡੀਜ਼ ਵੱਲੋਂ ਸਮੂਹ ਵਿਦਿਆਰਥੀਆਂ ਨੂੰ ਸਿੱਖਿਅਤ ਕੀਤਾ ਜਾਂਦਾ ਹੈ ਕਿ ਨਸ਼ਿਆਂ ਦੇ ਪ੍ਰਭਾਵ ਕਿੰਨੇ ਘਾਤਕ ਹਨ, ਨਸ਼ੇ ਕਰਨ ਵਾਲਿਆਂ ਦੇ ਕੀ ਲੱਛਣ ਹੁੰਦੇ ਹਨ, ਬੱਚੇ ਨਸ਼ੇ ਦੀ ਲਪੇਟ 'ਚ ਕਿਸ ਤਰ੍ਹਾਂ ਆਉਂਦੇ ਹਨ। ਹਰ ਵਿਦਿਆਰਥੀ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਬੱਡੀ ਗਰੁੱਪ 'ਚ ਹਰੇਕ ਬੱਡੀਜ਼ ਦੀ ਹਰੇਕ ਗਤੀਵਿਧੀ ੳੱਤੇ ਨਜ਼ਰ ਰੱਖੇ ਅਤੇ ਆਪਣੇ ਸੀਨੀਅਰ ਬੱਡੀ ਨੂੰ ਸੂਚਿਤ ਕਰਦਾ ਰਹੇ। ਸੀਨੀਅਰ ਬੱਡੀ ਦਾ ਕੰਮ ਹੈ ਕਿ ਉਹ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਤੋਂ ਸੁਚੇਤ ਕਰਦਾ ਰਹੇ। ਨੋਡਲ ਅਫ਼ਸਰ ਦਾ ਕੰਮ ਹੈ ਕਿ ਸਕੂਲ ਦੇ ਸਮੂਹ ਸੀਨੀਅਰ ਬੱਡੀਜ਼ ਦਾ ਮਾਰਗ ਦਰਸ਼ਨ ਕਰੇ ਅਤੇ ਸਕੂਲ ਵਿਚ ਬੱਡੀ ਪ੍ਰਰੋਗਰਾਮ ਦੀਆਂ ਗਤੀਵਿਧੀਆਂ ਦਾ ਸੰਚਾਲਨ ਕਰੇ। ਚੇਅਰਮੈਨ ਬਾਜਵਾ ਨੇ ਕਿਹਾ ਕਿ ਰਾਜ ਸਰਕਾਰ ਦਾ ਨਸ਼ਿਆਂ ਨੂੰ ਰੋਕਣ ਦਾ ਇਹ ਉਪਰਾਲਾ ਬਹੁਤ ਵਧੀਆ ਸਾਬਤ ਹੋ ਰਿਹਾ ਹੈ ਅਤੇ ਇਸ ਪ੍ਰਰੋਗਰਾਮ ਦੇ ਜਰੀਏ ਨੌਜ਼ਵਾਨਾਂ ਵਿੱਚ ਨਸ਼ਿਆਂ ਤੋਂ ਦੂਰ ਰਹਿਣ ਦੀ ਚੇਤਨਤਾ ਆਈ ਹੈ।