ਸੁਖਦੇਵ ਸਿੰਘ, ਬਟਾਲਾ : ਵੱਖ-ਵੱਖ ਵਾਰਦਾਤਾਂ 'ਚ ਲੌੜੀਂਦਾ ਬਲਜਿੰਦਰ ਸਿੰਘ ਉਰਫ ਬਿੱਲਾ ਮੰਡਿਆਲਾ ਗੈਂਗਸਟਰ ਨੂੰ ਬਟਾਲਾ ਪੁਲਿਸ ਨੇ ਡਿਊਟੀ ਮੈਜਿਸਟੇ੍ਟ ਬਟਾਲਾ ਤੋਂ 5 ਦਿਨ ਦਾ ਰਿਮਾਂਡ ਲੈ ਕੇ ਲੁਧਿਆਣਾ ਜੇਲ੍ਹ ਤੋਂ ਬਟਾਲਾ 'ਚ ਪੁੱਛਗਿੱਛ ਲਈ ਲਿਆਂਦਾ ਹੈ। ਜਾਣਕਾਰੀ ਅਨੁਸਾਰ ਬਿੱਲਾਂ ਮੰਡਿਆਲਾ ਲੁੱਟਾਂ ਖੋਹਾਂ ਤੇ ਕਤਲ ਦੇ ਕੇਸਾਂ 'ਚ ਲੁਧਿਆਣਾ ਜੇਲ੍ਹ 'ਚ ਬੰਦ ਹੈ ਤੇ ਪੁਲਿਸ ਜ਼ਿਲ੍ਹਾ ਬਟਾਲਾ ਦੇ ਅਧੀਨ ਆਉਂਦੇ ਥਾਣਾ ਰੰਗੜ ਨੰਗਲ ਤੇ ਘੁਮਾਣ 'ਚ ਪਿਛਲੇ ਸਮੇਂ 'ਚ ਦਰਜ ਹੋਏ ਮਾਮਲਿਆਂ 'ਚ ਵੀ ਲੌੜੀਂਦਾ ਹੈ। ਜਾਣਕਾਰੀ ਅਨੁਸਾਰ ਅਨੁਸਾਰ ਥਾਣਾ ਰੰਗੜ ਨੰਗਲ ਦੀ ਪੁਲਿਸ ਵੱਲੋਂ ਗੈਂਗਸਟਰ ਬਿੱਲਾ, ਜਿਸ ਵਿਰੁੱਧ ਥਾਣਾ ਰੰਗੜ ਨੰਗਲ 'ਚ ਕਤਲ ਦਾ ਮਾਮਲਾ ਦਰਜ ਹੈ ਦੇ ਸਬੰਧ 'ਚ ਪੁੱਛਗਿੱਛ ਕੀਤੀ ਜਾ ਰਹੀ ਹੈ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਗੈਂਗਸਟਰ ਬਿੱਲਾ ਨੇ 3 ਸਾਲ ਪਹਿਲਾਂ ਪਿੰਡ ਮੰਡਿਆਲਾ 'ਚ ਥਾਣਾ ਘੁਮਾਣ ਦੀ ਪੁਲਿਸ ਨਾਲ ਮੁਕਾਬਲਾ ਕੀਤਾ ਸੀ ਜਿਸ 'ਚ ਉਹ ਫ਼ਰਾਰ ਹੋ ਗਿਆ ਸੀ। ਇਸ ਤੋਂ ਇਲਾਵਾ ਗੈਂਗਸਟਰ ਬਿੱਲਾ ਪੰਜਾਬ ਦੇ ਵੱਖ-ਵੱਖ ਥਾਣਿਆਂ 'ਚ ਵੀ ਵੱਖ-ਵੱਖ ਮਾਮਲਿਆਂ 'ਚ ਨਾਮਜ਼ਦ ਹੈ। ਇਸ ਦੀ ਪੁਸ਼ਟੀ ਕਰਦਿਆਂ ਡੀਐੱਸਪੀ ਸ੍ਰੀ ਹਰਗੋਬਿੰਦੁਪਰ ਸੰਜੀਵ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਕੁਝ ਮਾਮਲਿਆਂ ਦੀ ਜਾਂਚ ਲਈ ਗੈਂਗਸਟਰ ਬਿੱਲਾ ਨੂੰ 5 ਦਿਨ ਦੇ ਰਿਮਾਂਡ 'ਤੇ ਲਿਆਂਦਾ ਹੈ।