ਮਹਿੰਦਰ ਸਿੰਘ ਅਰਲੀਭੰਨ , ਡੇਰਾ ਬਾਬਾ ਨਾਨਕ : ਸੋਮਵਾਰ ਸ਼ਾਮ ਨੂੰ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ਕਰਤਾਰਪੁਰ ਕੌਰੀਡੋਰ ਦੀ ਜ਼ੀਰੋ ਲਾਈਨ 'ਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਤੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਪੁੱਜਾ ।

ਪ੍ਰਾਪਤ ਜਾਣਕਾਰੀ ਅਨੁਸਾਰ ਇਸ ਨਗਰ ਕੀਰਤਨ ਵਿਚ ਪ੍ਰਧਾਨ ਸਤਵੰਤ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਕਿਸਤਾਨ, ਸਾਬਕਾ ਪ੍ਰਧਾਨ ਬਿਸ਼ਨ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਕਿਸਤਾਨ, ਇੰਦਰਜੀਤ ਸਿੰਘ ਮੈਂਬਰ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਕਿਸਤਾਨ ਵੀ ਇਸ ਨਗਰ ਕੀਰਤਨ ਵਿੱਚ ਸ਼ਾਮਲ ਸਨ। ਇੱਥੇ ਦੱਸਣਯੋਗ ਹੈ ਕਿ ਨਾਨਕ ਨਾਮ ਲੇਵਾ ਸੰਗਤਾਂ ਵਲੋਂ ਜਿਥੇ ਸੋਮਵਾਰ ਨੂੰ ਸਾਰਾ ਦਿਨ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ਤੇ ਬਣੇ ਦਰਸ਼ਨ ਸਥਲ ਤੇ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਤੋਂ ਆਉਣ ਵਾਲੇ ਨਗਰ ਕੀਰਤਨ ਵੇਖਣ ਲਈ ਸੰਗਤਾਂ ਬੇਸਬਰੀ ਨਾਲ ਉਡੀਕ ਕਰਦੀਆਂ ਰਹੀਆਂ ਉਥੇ ਇਹ ਨਗਰ ਕੀਰਤਨ ਸੋਮਵਾਰ 5.30ਦੇ ਕਰੀਬ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ਦੀ ਜ਼ੀਰੋ ਲਾਈਨ ਬਣੇ ਕਰਤਾਰਪੁਰ ਲਾਂਘੇ ਦੇ ਮੁੱਖ ਗੇਟ 'ਤੇ ਪੁੱਜਾ।

ਕੌਮਾਂਤਰੀ ਸਰਹੱਦ ਤੇ ਪੁੱਜੇ ਨਗਰ ਕੀਰਤਨ ਵਿੱਚ ਸ਼ਾਮਲ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਕੋਰੋਨਾ ਦੀ ਮਹਾਂਮਾਰੀ ਕਾਰਨ ਕਰਤਾਰਪੁਰ ਸਾਹਿਬ ਲਾਂਘਾ ਪਿਛਲੇ ਇਕ ਸਾਲ ਤੋਂ ਵੱਧ ਸਮੇਂ ਤੋਂ ਬੰਦ ਪਿਆ ਹੋਇਆ ਹੈ ਜਦ ਕਿ ਪਾਕਿਸਤਾਨ ਦੀ ਇਮਰਾਨ ਸਰਕਾਰ ਵੱਲੋਂ ਪਾਕਿਸਤਾਨ ਵਿੱਚ ਵਸਦੇ ਸਿੱਖਾਂ ਨੂੰ ਖਾਲਸਾ ਸਥਾਪਨਾ ਦਿਵਸ ਤੇ ਵਿਸਾਖੀ ਮੌਕੇ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ਦੀ ਜ਼ੀਰੋ ਲਾਈਨ ਤੇ ਨਗਰ ਕੀਰਤਨ ਕੱਢਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਧਰਤੀ ਗੁਰੂ ਨਾਨਕ ਬੁੱਲ੍ਹੇ ਸ਼ਾਹ ਫ਼ਕੀਰਾਂ ਦੀ ਧਰਤੀ ਹੈ ਅਤੇ ਭਾਰਤ ਸਰਕਾਰ ਤੁਰੰਤ ਕਰਤਾਰਪੁਰ ਸਾਹਿਬ ਜੀ ਦਾ ਲਾਂਘਾ ਖੋਲ੍ਹੇ ਤਾਂ ਜੋ ਨਾਨਕ ਨਾਮ ਲੇਵਾ ਸੰਗਤਾਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰ ਸਕਣ ।

ਇਸ ਮੌਕੇ ਬੀਐਸਐਫ ਅਤੇ ਪਾਕਿਸਤਾਨ ਫ਼ੌਜ ਦੇ ਰੇਂਜਰਾਂ ਵੱਲੋਂ ਸਖਤ ਪ੍ਰਬੰਧ ਕੀਤੇ ਹੋਏ ਸਨ। ਪੰਜ ਪਿਆਰਿਆਂ ਦੀ ਅਗਵਾਈ ਹੇਠ ਫੁੱਲਾਂ ਨਾਲ ਸ਼ਿੰਗਾਰੀ ਬੱਸ ਵਿਚ ਸੁਸ਼ੋਭਿਤ ਪਾਲਕੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਸਨ। ਇਹ ਨਗਰ ਕੀਰਤਨ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ 'ਤੇ ਪੁੱਜਣ 'ਤੇ ਪਾਕਿਸਤਾਨ ਤੋਂ ਆਏ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਪੰਜ ਪਿਆਰਿਆਂ ਅਤੇ ਸੰਗਤਾਂ ਵੱਲੋਂ ਬੋਲੇ ਸੋ ਨਿਹਾਲ ਦੇ ਜੈਕਾਰੇ ਗੂੰਜਾਏ ਅਤੇ ਕੁਝ ਸਮਾਂ ਸੰਗਤਾਂ ਜ਼ੀਰੋ ਲਾਈਨ 'ਤੇ ਪਾਕਿਸਤਾਨ ਦੀ ਹਦੂਦ ਦੇ ਸਾਹਮਣੇ ਰੁਕਣ ਉਪਰੰਤ ਇਹ ਵਿਸ਼ਾਲ ਨਗਰ ਕੀਰਤਨ ਵਾਪਸ ਕਰਤਾਰਪੁਰ ਸਾਹਿਬ ਲਈ ਰਵਾਨਾ ਹੋਇਆ।

Posted By: Jagjit Singh