ਸੁਖਦੇਵ ਸਿੰਘ, ਬਟਾਲਾ

ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਜਾਂਚ ਦੇ ਆਧਾਰ 'ਤੇ ਪੁਲਿਸ ਵਿਚ ਭਰਤੀ ਕਰਵਾਉਣ ਦੇ ਨਾਂ 'ਤੇ ਤਿੰਨ ਲੱਖ ਦੀ ਠੱਗੀ ਮਾਰਨ ਵਾਲੇ ਦੋ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਫਿਲਹਾਲ ਦੋਵੇਂ ਮੁਲਜ਼ਮ ਪੁਲਿਸ ਦੀ ਗਿ੍ਫ਼ਤ ਤੋਂ ਫ਼ਰਾਰ ਦੱਸੇ ਜਾ ਰਹੇ ਹਨ। ਐੱਸਐੱਸਪੀ ਬਟਾਲਾ ਨੂੰ ਦਿੱਤੀ ਸ਼ਿਕਾਇਤ ਵਿਚ ਬਲਜਿੰਦਰ ਸਿੰਘ ਵਾਸੀ ਪਿੰਡ ਖੁਸ਼ਹਾਲਪੁਰ ਨੇ ਦੱਸਿਆ ਕਿ ਉਨ੍ਹਾਂ ਦੇ ਜਾਣਕਾਰ ਅਰਸ਼ਦੀਪ ਸਿੰਘ ਵਾਸੀ ਪਿੰਡ ਮਲਕਪੁਰ ਅਤੇ ਲਖਵਿੰਦਰ ਸਿੰਘ ਵਾਸੀ ਪਿੰਡ ਬਰਕੀਵਾਲ ਹਨ। ਇਸ ਦੌਰਾਨ ਬਲਜਿੰਦਰ ਸਿੰਘ ਨੇ ਆਪਣੇ ਭਤੀਜੇ ਮਹਿਕਦੀਪ ਸਿੰਘ ਨੂੰ ਪੁਲਿਸ ਵਿਚ ਭਰਤੀ ਕਰਵਾਉਣ ਬਾਰੇ ਦੋਵਾਂ ਨਾਲ ਗੱਲਬਾਤ ਕੀਤੀ, ਜਿਸ ਤੋਂ ਬਾਅਦ ਅਰਸ਼ਦੀਪ ਸਿੰਘ ਅਤੇ ਲਖਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਿਲੰਕ ਪੁਲਿਸ ਦੇ ਉੱਚ ਪੁਲਿਸ ਅਧਿਕਾਰੀਆਂ ਨਾਲ ਹੈ ਅਤੇ ਉਹ ਮਹਿਕਦੀਪ ਨੂੰ ਪੁਲਿਸ ਵਿਚ ਭਰਤੀ ਕਰਵਾ ਸਕਦੇ ਹਨ ਪਰ ਪੁਲਿਸ ਵਿਚ ਭਰਤੀ ਦੇ ਬਦਲੇ ਤਿੰਨ ਲੱਖ ਰੁਪਏ ਦੇਣੇ ਪੈਣਗੇ, ਜਿਸ ਤੋਂ ਬਾਅਦ ਬਲਜਿੰਦਰ ਸਿੰਘ ਨੇ ਆਪਣੇ ਭਤੀਜੇ ਨਾਲ ਪੈਸਿਆਂ ਦੀ ਗੱਲ ਕੀਤੀ ਤਾਂ ਉਹ ਮੰਨ ਗਿਆ। ਬਲਜਿੰਦਰ ਸਿੰਘ ਨੇ ਦੱਸਿਆ ਕਿ ਦੋਵੇਂ ਮੁਲਜ਼ਮਾਂ ਨੇ ਮਹਿਕਦੀਪ ਨੂੰ ਭਰਤੀ ਕਰਵਾਉਣ ਲਈ ਤਿੰਨ ਲੱਖ ਰੁਪਏ ਲਏ ਪਰ ਕਈ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਨਾ ਤਾਂ ਮਹਿਕਦੀਪ ਨੂੰ ਭਰਤੀ ਕਰਵਾਇਆ ਅਤੇ ਨਾ ਹੀ ਦਿੱਤੇ ਤਿੰਨ ਲੱਖ ਰੁਪਏ ਵਾਪਸ ਕੀਤੇ, ਜਿਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ। ਉਕਤ ਮਾਮਲੇ ਦੀ ਜਾਂਚ ਸਬ ਇੰਸਪੈਕਟਰ ਸਕੱਤਰ ਸਿੰਘ ਇੰਚਾਰਜ ਈਓ ਵਿੰਗ ਬਟਾਲਾ ਵੱਲੋਂ ਕੀਤੀ ਗਈ ਹੈ, ਜਿਸ ਤੋਂ ਬਾਅਦ ਥਾਣਾ ਸਿਵਲ ਲਾਈਨ ਬਟਾਲਾ ਵਿਖੇ ਉਕਤ ਦੋਹਾਂ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਫਿਲਹਾਲ ਦੋਵੇਂ ਦੋਸ਼ੀ ਪੁਲਿਸ ਦੀ ਗਿ੍ਫਤ ਤੋਂ ਬਾਹਰ ਹਨ।