ਜੇਐੱਨਐੱਨ, ਬਟਾਲਾ : ਸੋਮਵਾਰ ਦੇਰ ਰਾਤ ਗਾਜ਼ੀਨੰਗਲ ਤੋਂ ਵਿਆਹ ਸਮਾਗਮ ਲਈ ਕੱਪੜਿਆਂ ਦੀ ਖ਼ਰੀਦਦਾਰੀ ਕਰ ਕੇ ਪਰਤ ਰਹੇ ਕਾਰ ਸਵਾਰ ਚਾਰ ਨੌਜਵਾਨਾਂ ਦੀ ਸੜਕ ਹਾਦਸੇ 'ਚ ਮੌਤ ਹੋ ਗਈ, ਹਾਦਸਾ ਕੋਟਲੀ ਸੂਰਤ ਮਲੀ ਨੇੜੇ ਹੋਇਆ। ਦੋ ਨੌਜਵਾਨ ਦਿਲਰਾਜ, ਜਸ਼ਨ ਨੇ ਮੌਕੇ 'ਤੇ ਦਮ ਤੋੜ ਦਿੱਤਾ, ਜਦਕਿ ਲਵਲੀ ਨੇ ਸਿਵਲ ਹਸਪਤਾਲ ਤੇ ਅਰਸ਼ਦੀਪ ਸਿੰਘ ਨੇ ਅੰਮਿ੍ਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਦਮ ਤੋੜਿਆ। ਮਿ੍ਤਕਾਂ ਦੀ ਪਛਾਣ ਲਵਲੀ (19) ਪੁੱਤਰ ਗੱਗੂ ਸਿੰਘ ਵਾਸੀ ਮਾਨ ਖਹਿਰਾ, ਦਿਲਰਾਜ (18) ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਸ਼ਿਕਾਰ ਮਾਸ਼ੀਆਂ, ਜਸ਼ਨਪ੍ਰੀਤ ਸਿੰਘ (18) ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਗਾਜ਼ੀਨੰਗਲ, ਅਰਸ਼ਦੀਪ ਸਿੰਘ ਪੁੱਤਰ ਸਿੰਕਦਰ ਸਿੰਘ ਜ਼ਿਲ੍ਹਾ ਅੰਮਿ੍ਤਸਰ (ਵੱਲ੍ਹਾ) ਦੇ ਤੌਰ 'ਤੇ ਹੋਈ ਹੈ। ਥਾਣਾ ਕੋਟਲੀ ਸੂਰਤ ਮਲੀ ਦੇ ਇੰਚਾਰਜ ਐੱਸਐੱਚਓ ਅਵਤਾਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਕਤ ਗਾਜੀਨੰਗਲ 'ਚ ਕੱਪੜੇ ਦੀ ਖਰੀਦਦਾਰੀ ਕਰ ਕੇ ਕਾਰ 'ਚ ਪਰਤ ਰਹੇ ਸਨ ਕਿ ਕੋਟਲੀ ਸੂਰਤ ਮਲੀ ਨੇੜੇ ਸਾਹਮਣਿਓਂ ਆ ਰਹੇ ਮੋਟਰਸਾਈਕਲ ਨੂੰ ਬਚਾਉਣ ਦੇ ਚੱਕਰ 'ਚ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਇਕ ਭੱਠੇ 'ਚ ਜਾ ਵੱਜੀ। ਇਸ ਹਾਦਸੇ 'ਚ ਦਿਲਰਾਜ ਤੇ ਜਸ਼ਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਲਵਲੀ ਤੇ ਅਰਸ਼ਦੀਪ ਦੋਵਾਂ ਨੇ ਹਸਪਤਾਲ 'ਚ ਦਮ ਤੋੜਿਆ। ਤਿੰਨ ਮਿ੍ਤਕਾਂ ਦੀਆਂ ਲਾਸ਼ਾਂ ਸਿਵਲ ਹਸਪਤਾਲ ਬਟਾਲਾ ਦੀ ਮੋਰਚਰੀ 'ਚ ਰੱਖੀਆਂ ਗਈਆਂ ਹਨ ਤੇ ਅਰਸ਼ਦੀਪ ਦੀ ਲਾਸ਼ ਅੰਮਿ੍ਤਸਰ ਦੇ ਗੁਰੂ ਨਾਨਕ ਹਸਪਤਾਲ 'ਚ ਹੈ। ਮੰਗਲਵਾਰ ਨੂੰ ਇਨ੍ਹਾਂ ਲਾਸ਼ਾਂ ਦਾ ਪੋਸਟਮਾਰਟ ਕੀਤਾ ਜਾਵੇਗਾ।