ਮਹਿੰਦਰ ਸਿੰਘ ਅਰਲੀਭੰਨ ਕਲਾਨੌਰ : ਪੁਲਿਸ ਥਾਣਾ ਕਲਾਨੌਰ ਅਧੀਨ ਆਉਂਦੇ ਪਿੰਡ ਖਹਿਰਾ ਕੋਟਲੀ ਵਿਖੇ ਕਿਸਾਨ ਵੱਲੋਂ ਵੇਚੀ ਟਰਾਲੀ ਦੀ ਬਕਾਇਆ ਰਾਸ਼ੀ ਪੰਜ ਹਜ਼ਾਰ ਰੁਪਏ ਮੰਗਣ 'ਤੇ ਦੋ ਦਰਜਨ ਦੇ ਕਰੀਬ ਅਨਸਰਾਂ ਵੱਲੋਂ ਇਕ ਮਹਿਲਾ ਸਮੇਤ ਚਾਰ ਨੂੰ ਤੇਜ਼ ਹਥਿਆਰਾਂ ਨਾਲ ਵੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਕਮਿਊਨਿਟੀ ਸਿਹਤ ਕੇਂਦਰ ਕਲਾਨੌਰ (CHC Kalanaur) ਵਿਖੇ ਜ਼ੇਰੇ ਇਲਾਜ ਕੁਲਵਿੰਦਰ ਸਿੰਘ ਤੇ ਜੋਗਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ, ਪਰਮਜੀਤ ਕੌਰ ਪਤਨੀ ਜੋਗਿੰਦਰ ਸਿੰਘ ਅਤੇ ਸੁਖਦੇਵ ਸਿੰਘ ਨੂੰ ਹਸਪਤਾਲ ਵਿਚ ਇਲਾਜ ਲਈ ਦਾਖ਼ਲ ਕਰਵਾਉਣ ਆਏ। ਡਾ. ਰਣਧੀਰ ਸਿੰਘ , ਸੁਰਜੀਤ ਸਿੰਘ, ਸੁਖਵਿੰਦਰ ਸਿੰਘ, ਗੁਰਮੁਖ ਸਿੰਘ ਸਾਬਕਾ ਸਰਪੰਚ ਆਦਿ ਮੋਹਤਬਰਾਂ ਨੇ ਦੱਸਿਆ ਕਿ ਜੋਗਿੰਦਰ ਸਿੰਘ ਵਾਸੀ ਖੈਹਿਰਾ ਕੋਟਲੀ ਵੱਲੋਂ ਕਰੀਬ ਇਕ ਮਹੀਨਾ ਪਹਿਲਾਂ ਆਪਣੀ ਟਰਾਲੀ ਹਯਾਤ ਨਗਰ ਦੇ ਇਕ ਜੇਸੀਬੀ ਚਾਲਕ ਨੂੰ ਇਕ ਲੱਖ 36 ਹਜ਼ਾਰ ਰੁਪਏ 'ਚ ਵੇਚੀ ਸੀ। ਜੋਗਿੰਦਰ ਸਿੰਘ ਟਰਾਲੀ ਦੀ ਬਕਾਇਆ ਰਾਸ਼ੀ ਪੰਜ ਹਜ਼ਾਰ ਰੁਪਏ ਉਕਤ ਜੇਸੀਬੀ ਮਾਲਕ ਤੋਂ ਮੰਗ ਰਿਹਾ ਸੀ। ਅੱਜ ਸ਼ਨਿੱਚਰਵਾਰ ਜਦੋਂ ਉਹ ਆਪਣੇ ਪਰਿਵਾਰ ਸਮੇਤ ਘਰ ਵਿਚ ਰੋਟੀ ਖਾ ਰਹੇ ਸਨ ਤਾਂ ਟਰਾਲੀ ਖ਼ਰੀਦਣ ਵਾਲਿਆਂ ਵੱਲੋਂ ਦੋ ਦਰਜਨ ਦੇ ਕਰੀਬ ਅਨਸਰਾਂ ਸਮੇਤ ਤੇਜ਼ ਹਥਿਆਰਾਂ ਨਾਲ ਉਨ੍ਹਾਂ ਉੱਪਰ ਹਮਲਾ ਕਰ ਦਿੱਤਾ ਗਿਆ।

ਇਸ ਦੌਰਾਨ ਪਰਮਜੀਤ ਕੌਰ ਦੇ ਸਿਰ ਤੇ ਬਾਂਹ, ਜੋਗਿੰਦਰ ਸਿੰਘ ਦੇ ਸਿਰ, ਕੁਲਵਿੰਦਰ ਤੇ ਸੁਖਦੇਵ ਨੂੰ ਵੀ ਤੇਜ਼ ਹਥਿਆਰਾਂ ਨਾਲ ਹਮਲਾ ਕਰ ਕੇ ਗੰਭੀਰ ਫੱਟੜ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਜ਼ਖ਼ਮੀ ਹੋਏ ਉਕਤ ਮਹਿਲਾ ਅਤੇ ਵਿਅਕਤੀਆਂ ਨੂੰ ਤੁਰੰਤ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਵਿਖੇ ਦਾਖਲ ਕਰਵਾਇਆ ਗਿਆ ਜਦਕਿ ਹਮਲਾਵਰ ਮੌਕੇ ਤੋਂ ਭੱਜ ਗਏ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਿਸ ਥਾਣਾ ਕਲਾਨੌਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਹਮਲੇ ਵਿੱਚ ਪਰਮਜੀਤ ਕੌਰ ਅਤੇ ਜੋਗਿੰਦਰ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਹੈ।

Posted By: Seema Anand