ਸੁਖਦੇਵ ਸਿੰਘ, ਬਟਾਲਾ : ਤਿਉਹਾਰਾਂ ਦੀ ਆਮਦ ਨੂੰ ਮੁੱਖ ਰੱਖ ਕੇ ਬਟਾਲਾ ਦੇ ਐੱਸਐੱਸਪੀ ਰਛਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ 'ਤੇ ਬਟਾਲਾ ਪੁਲਿਸ ਵੱਲੋਂ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚ ਫਲੈਗ ਮਾਰਚ 'ਚ ਕੀਤੀ ਜਾ ਰਹੀ ਹੈ। ਡੀਐੱਸਪੀ ਸਿਟੀ ਪਰਵਿੰਦਰ ਕੌਰ ਦੀ ਅਗਵਾਈ 'ਚ ਸ਼ੁਰੂ ਹੋਇਆ। ਫਲੈਗ ਮਾਰਚ ਬਟਾਲਾ ਦੇ ਗਾਂਧੀ ਚੌਕ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਸਿਟੀ ਰੋਡ, ਸਰਕੂਲਰ ਰੋਡ, ਸਮਾਧ ਰੋਡ, ਟਿਪ ਟਾਪ ਚੌਕ, ਭੰਡਾਰੀ ਮੁਹੱਲਾ, ਹਾਥੀ ਗੇਟ ਆਦਿ ਥਾਵਾਂ ਤੋਂ ਹੋ ਕੇ ਐੱਸਐੱਸਪੀ ਦਫ਼ਤਰ ਬਟਾਲਾ ਵਿਖੇ ਸਮਾਪਤ ਹੋਇਆ। ਫਲੈਗ ਮਾਰਚ ਦੀ ਅਗਵਾਈ ਕਰ ਰਹੇ ਡੀਐੱਸਪੀ ਸਿਟੀ ਪਰਵਿੰਦਰ ਕੌਰ ਨੇ ਦੱਸਿਆ ਕਿ ਦੁਸਹਿਰਾ ਦੀਵਾਲੀ ਅਤੇ ਹੋਰ ਤਿਉਹਾਰਾਂ ਦੀ ਆਮਦ ਨੂੰ ਲੈ ਕੇ ਸ਼ਹਿਰਾਂ 'ਚ ਭੀੜ ਵਧ ਰਹੀ ਹੈ ਅਤੇ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖ ਕੇ ਪੁਲਿਸ ਵੱਲੋਂ ਮੁਸਤੈਦੀ ਵਧਾਈ ਗਈ ਹੈ। ਉਨ੍ਹਾਂ ਕਿਹਾ ਕਿ ਜੁਰਮ ਨੂੰ ਨੱਥ ਪਾਉਣ ਲਈ ਪੁਲਿਸ ਹਮੇਸ਼ਾ ਆਪਣਾ ਕੰਮ ਚੰਗੇ ਢੰਗ ਨਾਲ ਕਰਦੀ ਆ ਰਹੀ ਹੈ ਅਤੇ ਲੋਕਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਪੁਲਿਸ ਦਾ ਸਾਥ ਦੇਣ ਅਤੇ ਸੱਚੀ ਸੁੱਚੀ ਇਤਲਾਹ ਪੁਲਿਸ ਤੱਕ ਮੁਹੱਈਆ ਕਰਵਾਉਣ। ਡੀਐੱਸਪੀ ਸਿਟੀ ਨੇ ਕਿਹਾ ਕਿ ਹਾਥੀ ਗੇਟ ਇੱਕ ਸੈਂਸੇਟਿਵ ਏਰੀਆ ਐਲਾਨਿਆ ਗਿਆ ਹੈ ਅਤੇ ਪਿਛਲੇ ਦਿਨੀਂ ਉਥੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਨੂੰ ਮੁੱਖ ਰੱਖ ਕੇ ਚੌਵੀ ਘੰਟੇ ਪੁਲਿਸ ਦਾ ਪਹਿਰਾ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸ਼ਹਿਰ ਦੇ ਪ੍ਰਸਿੱਧ ਧਾਰਮਿਕ ਸਥਾਨਾਂ ਦੇ ਦੁਆਲੇ ਵੀ ਸੁਰੱਖਿਆ ਕਰਮਚਾਰੀ ਤਾਇਨਾਤ ਕਰ ਦਿੱਤੇ ਗਏ ਹਨ। ਇਸ ਮੌਕੇ ਉਨ੍ਹਾਂ ਨਾਲ ਇੰਸਪੈਕਟਰ ਤੇਜਿੰਦਰਪਾਲ ਸਿੰਘ ਗੁਰਾਇਆ ਇੰਚਾਰਜ ਪੀਸੀਆਰ, ਏਐੱਸਆਈ ਗੁਰਪ੍ਰਰੀਤ ਸਿੰਘ ਚੌਂਕੀ ਇੰਚਾਰਜ ਬੱਸ ਸਟੈਂਡ, ਏਐੱਸਆਈ ਰਕੇਸ਼ ਕੁਮਾਰ ਰੀਡਰ ਡੀਐੱਸਪੀ ਸਿਟੀ ਅਤੇ ਹੋਰ ਪੁਲਿਸ ਕਰਮਚਾਰੀ ਮੌਜੂਦ ਸਨ।