ਜੇਐੱਨਐੱਨ, ਬਟਾਲਾ/ਜਲੰਧਰ : ਕਰਤਾਰਪੁਰ ਲਾਂਘੇ ਦੇ 9 ਨਵੰਬਰ ਨੂੰ ਉਦਘਾਟਨ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ 'ਚ ਪੰਜ ਹਜ਼ਾਰ ਪੁਲਿਸ ਜਵਾਨ ਤਾਇਨਾਤ ਕੀਤੇ ਜਾਣਗੇ। ਪੁਲਿਸ ਨੇ ਉਦੋਂ ਤਕ ਅਧਿਕਾਰੀਆਂ ਤੇ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ। ਐੱਸਐੱਸਪੀ ਬਟਾਲਾ ਨੇ ਹੋਰਨਾਂ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਬਟਾਲਾ ਤੋਂ ਲੈ ਕੇ ਡੇਰਾ ਬਾਬਾ ਨਾਨਕ ਤਕ ਸੁਰੱਖਿਆ ਦੇ ਪੁਖਤਾ ਪ੍ਰਬੰਧ ਰਹਿਣਗੇ। ਪੁਲਿਸ ਮੁਲਾਜ਼ਮਾਂ ਨੂੰ ਉਨ੍ਹਾਂ ਨੂੰ ਡਿਊਟੀਆਂ ਸਮਝਾ ਦਿੱਤੀਆਂ ਗਈਆਂ ਹਨ। ਥਾਂ-ਥਾਂ ਚੈੱਕ ਪੋਸਟਾਂ ਬਣਾਈਆਂ ਗਈਆਂ ਹਨ। ਇਸ ਤੋਂ ਇਲਾਵਾ ਜੋ ਮੁਲਜ਼ਮ ਜ਼ਮਾਨਤ 'ਤੇ ਬਾਹਰ ਹਨ, ਉਨ੍ਹਾਂ 'ਤੇ ਵੀ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ।

ਸੁਲਤਾਨਪੁਰ ਲੋਧੀ 'ਚ ਚੱਲਣਗੇ ਮੁਫ਼ਤ ਈ-ਰਿਕਸ਼ਾ

ਗੁਰਦਾਸਪੁਰ ਦੇ ਟਰਾਂਸਪੋਰਟ ਅਧਿਕਾਰੀ ਬਲਦੇਵ ਸਿੰਘ ਰੰਧਾਵਾ ਮੁਤਾਬਕ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਵਿਖੇ ਆਉਣ ਵਾਲੇ ਸ਼ਰਧਾਲੂਆਂ ਲਈ ਮੁਫਤ ਬੱਸ ਸਰਵਿਸ ਤੇ ਈ-ਰਿਕਸ਼ਾ ਦੀ ਸੇਵਾ ਸ਼ੁਰੂ ਕੀਤੀ ਜਾਵੇਗੀ। ਇਸ ਦੌਰਾਨ ਜੇਕਰ ਕੋਈ ਵੀ ਸ਼ਰਧਾਲੂ ਕਿਤੇ ਜਾਣਾ ਚਾਹੇਗਾ ਤਾਂ ਉਸ ਨੂੰ ਇਹ ਸੇਵਾ ਮੁਫਤ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਦੇ ਹੁਕਮਾਂ 'ਤੇ ਉਨ੍ਹਾਂ ਨੇ ਗੁਰਦਾਸਪੁਰ ਦੇ ਜ਼ਿਲ੍ਹੇ ਨਾਲ ਸਬੰਧਤ ਈ-ਰਿਕਸ਼ੇ ਸੁਲਤਾਨਪੁਰ ਲੋਧੀ ਲਈ ਰਵਾਨਾ ਕੀਤੇ ਹਨ। ਇਸ ਦਾ ਪੂਰਾ ਖਰਚ ਸੂਬਾ ਸਰਕਾਰ ਵੱਲੋਂ ਕੀਤਾ ਜਾਵੇਗਾ। ਸੁਲਤਾਨਪੁਰ ਲੋਧੀ ਦੀਆਂ ਸੜਕਾਂ 'ਤੇ ਵੱਡੇ ਵਾਹਨਾਂ ਦੀ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ।

ਮੁੱਖ ਮੰਤਰੀ ਅੱਜ ਲੈਣਗੇ ਲਾਂਘੇ ਦੇ ਉਸਾਰੀ ਕਾਰਜਾਂ ਦਾ ਜਾਇਜ਼ਾ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰਤਾਰਪੁਰ ਲਾਂਘੇ ਦੇ ਉਸਾਰੀ ਕਾਰਜਾਂ ਤੇ 9 ਨਵੰਬਰ ਨੂੰ ਹੋਣ ਵਾਲੇ ਉਦਘਾਟਨੀ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਵੀਰਵਾਰ ਨੂੰ ਡੇਰਾ ਬਾਬਾ ਨਾਨਕ ਆਉਣਗੇ। ਇਸ ਸੰਬਧੀ ਡਿਪਟੀ ਕਮਿਸ਼ਨਰ ਵਿਪੁਲ ਉੱਜਵਲ ਨੇ ਬੁੱਧਵਾਰ ਨੂੰ ਡੇਰਾ ਬਾਬਾ ਨਾਨਕ 'ਚ ਜ਼ਿਲ੍ਹੇ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਸੁਰੱਖਿਆ ਪ੍ਰੰਬਧਾਂ ਤੇ ਹੋਰ ਪਹਿਲੂਆਂ 'ਤੇ ਚਰਚਾ ਕੀਤੀ ਗਈ। 9 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡੇਰਾ ਬਾਬਾ ਨਾਨਕ 'ਚ ਬੀਐੱਸਐੱਫ ਦੇ ਹੈੱਡ ਕੁਆਰਟਰ 'ਚ ਮਾਣਯੋਗ ਸ਼ਖਸੀਅਤਾਂ ਨਾਲ ਮੁਲਾਕਾਤ ਤੋਂ ਬਾਅਦ ਕਰੀਬ 11 ਵਜੇ 550 ਲੋਕਾਂ ਦੇ ਜਥੇ ਨੂੰ ਕਰਤਾਰਪੁਰ ਲਾਂਘੇ ਲਈ ਰਵਾਨਾ ਕਰਨਗੇ।

ਸੰਗਤ ਨੂੰ ਮਿਲੇਗੀ ਤਿੰਨ ਪੱਧਰੀ ਸਿਹਤ ਸੁਰੱਖਿਆ

ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਪੁੱਜਣ ਵਾਲੀ ਸੰਗਤ ਨੂੰ ਤਿੰਨ ਪੱਧਰੀ ਸਿਹਤ ਸੁਰੱਖਿਆ ਹਾਸਲ ਹੋਵੇਗੀ। ਸਿਹਤ ਵਿਭਾਗ ਨੇ 13 ਜ਼ਿਲ੍ਹਿਆਂ ਤੋਂ ਸਪੈਸ਼ਲਿਸਟ ਡਾਕਟਰਾਂ, ਐਂਬੂਲੈਂਸਾਂ ਤੇ ਮੋਬਾਈਲ ਮੈਡੀਕਲ ਯੂਨਿਟ (ਐੱਮਐੱਮਯੂ) ਦਾ ਪ੍ਰਬੰਧ ਕੀਤਾ ਹੈ। ਕਪੂਰਥਲਾ 'ਚ ਸਿਹਤ ਵਿਭਾਗ ਦੇ ਮੁਲਾਜ਼ਮਾਂ ਤੇ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਨਿੱਜੀ ਹਸਪਤਾਲਾਂ ਨੂੰ ਵੀ ਨਾਲ ਜੋੜਿਆ ਗਿਆ ਹੈ। ਕਪੂਰਥਲਾ ਦੀ ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਨੂੰ ਸੁਲਤਾਨਪੁਰ ਲੋਧੀ 'ਚ ਹੋਣ ਵਾਲੇ ਸਮਾਗਮ ਦੀ ਕਮਾਂਡ ਸੌਂਪੀ ਗਈ ਹੈ। ਉਨ੍ਹਾਂ ਦੱਸਿਆ ਕਿ 20 ਨਵੰਬਰ ਤਕ ਸਮਾਗਮ ਵਾਲੀ ਥਾਂ 'ਤੇ ਸੰਗਤ ਨੂੰ ਹਰ ਕਦਮ 'ਤੇ ਉੱਚ ਪੱਧਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਪੂਰੇ ਸਮਾਗਮ ਨੂੰ 16 ਸੈਕਟਰਾਂ 'ਚ ਵੰਡਿਆ ਗਿਆ ਹੈ।

Posted By: Amita Verma