ਆਕਾਸ਼, ਗੁਰਦਾਸਪੁਰ ਮਹਾ ਸ਼ਿਵਰਾਤਰੀ ਦੀ ਸ਼ੋਭਾ ਯਾਤਰਾ ਦੀ ਉਗਰਾਹੀ ਦੇ ਨਾਂ 'ਤੇ ਇਕ ਡਾਕਟਰ ਨਾਲ ਮਾਰਕੁੱਟ ਕਰਨ ਤੇ ਉਨ੍ਹਾਂ ਦੇ ਹਸਪਤਾਲ 'ਚ ਵੜ ਕੇ ਧਮਕੀਆਂ ਦੇਣ ਦੇ ਦੋਸ਼ ਵਿਚ ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਉਪ ਪ੍ਧਾਨ ਹਰਵਿੰਦਰ ਸੋਨੀ ਖ਼ਿਲਾਫ਼ ਥਾਣਾ ਸਿਟੀ ਗੁਰਦਾਸਪੁਰ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਦੂਜੇ ਪਾਸੇ ਸੋਨੀ ਨੇ ਇਸ ਮਾਮਲੇ ਨੂੰ ਪੂਰੀ ਤਰ੍ਹਾਂ ਨਾਲ ਰਾਜਨੀਤਕ ਦਬਾਅ ਤਹਿਤ ਕੀਤੀ ਗਈ ਕਾਰਵਾਈ ਕਰਾਰ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਮਹਾ ਸ਼ਿਵਰਾਤਰੀ ਦੇ ਤਿਉਹਾਰ ਦੇ ਸਬੰਧ ਵਿਚ ਵੱਖ-ਵੱਖ ਹਿੰਦੂ ਜਥੇਬੰਦੀਆਂ ਵੱਲੋਂ ਦੋ ਮਾਰਚ ਨੂੰ ਸ਼ਹਿਰ ਵਿਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ। ਇਸ ਤਹਿਤ ਵੱਖ-ਵੱਖ ਹਿੰਦੂ ਜਥੇਬੰਦੀਆਂ ਦੇ ਆਗੂਆਂ ਵੱਲੋਂ ਸ਼ਹਿਰ ਦੇ ਮੋਹਤਬਰ ਲੋਕਾਂ ਤੋਂ ਉਗਰਾਹੀ ਕੀਤੀ ਜਾ ਰਹੀ ਹੈ। ਇਸੇ ਵਿਚ ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਉਪ ਪ੍ਧਾਨ ਹਰਵਿੰਦਰ ਸੋਨੀ ਅਤੇ ਉਨ੍ਹਾਂ ਦੇ ਸਾਥੀਆਂ 'ਤੇ ਬਹਿਰਾਮਪੁਰ ਰੋਡ ਗੁਰਦਾਸਪੁਰ ਵਿਚ ਸਥਿਤ ਮਹਿਕ ਹਸਪਤਾਲ ਵਿਚ ਜਾ ਕੇ ਉਨ੍ਹਾਂ ਤੋਂ ਜਬਰੀ 5100 ਰੁਪਏ ਮੰਗਣ ਅਤੇ ਨਾ ਦੇਣ 'ਤੇ ਡਾਕਟਰ ਨਾਲ ਮਾਰਕੁਟਾਈ ਅਤੇ ਗਾਲੀ -ਗਲੋਚ ਕਰਨ ਦੇ ਨਾਲ-ਨਾਲ ਧਮਕੀਆਂ ਦੇਣ ਦਾ ਦੋਸ਼ ਲਗਾਇਆ ਗਿਆ ਹੈ।

ਪੀਐੱਸਸੀ ਦੌਰਾਂਗਲਾ ਵਿਚ ਤਾਇਨਾਤ ਐੱਸਐੱਮਓ ਡਾ. ਗੋਪਾਲ ਦਾਸ ਨੇ ਦੱਸਿਆ ਕਿ ਮਹਿਕ ਹਸਪਤਾਲ ਨੂੰ ਉਨ੍ਹਾਂ ਦੀ ਪਤਨੀ ਚਲਾਉਂਦੀ ਹੈ। 9 ਫਰਵਰੀ ਨੂੰ ਹਰਵਿੰਦਰ ਸੋਨੀ ਦੇ ਕੁਝ ਲੋਕ ਉਨ੍ਹਾਂ ਦੇ ਹਸਪਤਾਲ 'ਚ ਆਏ ਤੇ ਜਬਰੀ 5100 ਰੁਪਏ ਦੀ ਪਰਚੀ ਕੱਟ ਕੇ ਉਨ੍ਹਾਂ ਨੂੰ ਫੜਾ ਦਿੱਤੀ। ਇਸ ਤੋਂ ਬਾਅਦ 11 ਫਰਵਰੀ ਨੂੰ ਫਿਰ ਸੋਨੀ 8-10 ਸਾਥੀਆਂ ਨਾਲ ਹਸਪਤਾਲ ਵਿਚ ਆਇਆ ਤੇ ਉਨ੍ਹਾਂ ਤੋਂ ਜਬਰੀ ਪੈਸਿਆਂ ਦੀ ਮੰਗ ਕਰਨ ਲੱਗੇ। ਜਦੋਂ ਉਨ੍ਹਾਂ ਨੇ ਪੈਸੇ ਦੇਣੋਂ ਮਨ੍ਹਾ ਕੀਤਾ ਤਾਂ ਉਕਤ ਲੋਕਾਂ ਨੇ ਉਨ੍ਹਾਂ ਨਾਲ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ ਤੇ ਧਮਕੀਆਂ ਦੇਣ ਲੱਗੇ।

ਇਸ ਮਾਮਲੇ ਸਬੰਧੀ ਸੰਪਰਕ ਕਰਨ 'ਤੇ ਥਾਣਾ ਸਿਟੀ ਦੇ ਐੱਸਐੱਚਓ ਕੁਲਵੰਤ ਸਿੰਘ ਨੇ ਦੱਸਿਆ ਕਿ ਡਾ. ਗੋਪਾਲ ਦਾਸ ਦੀ ਸ਼ਿਕਾਇਤ ਦੇ ਆਧਾਰ 'ਤੇ ਹਰਵਿੰਦਰ ਸੋਨੀ ਅਤੇ ਅੱਠ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਉਧਰ ਇਸ ਸਬੰਧੀ ਡਾ. ਗੋਪਾਲ ਦਾਸ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੀ ਸ਼ਿਕਾਇਤ ਪੁਲਿਸ ਨੂੰ ਕਰ ਦਿੱਤੀ ਸੀ। ਇਸ ਤੋਂ ਬਾਅਦ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ, ਉਸ ਦੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।

ਓਧਰ ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਉਪ ਪ੍ਧਾਨ ਹਰਵਿੰਦਰ ਸਿੰਘ ਸੋਨਾ ਨੇ ਦੱਸਿਆ ਕਿ ਵੱਖ-ਵੱਖ ਹਿੰਦੂ ਜਥੇਬੰਦੀਆਂ ਵੱਲੋਂ ਸ਼ਹਿਰ ਵਿਚ ਸ਼ਿਵਰਾਤਰੀ ਦੇ ਸਬੰਧ ਵਿਚ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਜਿਸ ਤਹਿਤ ਉਨ੍ਹਾਂ ਨੇ ਡਾ. ਗੋਪਾਲ ਦਾਸ ਤੋਂ ਆਰਥਿਕ ਸਹਿਯੋਗ ਦੀ ਅਪੀਲ ਕੀਤੀ ਸੀ। ਉਨ੍ਹਾਂ ਦੇ ਹਾਂ ਕਰਨ 'ਤੇ ਹੀ ਉਨ੍ਹਾਂ ਦੇ ਸਾਥੀ 9 ਫਰਵਰੀ ਨੂੰ ਪਰਚੀ ਕੱਟ ਕੇ ਦੇ ਆਏ ਸੀ ਪਰ ਜਦੋਂ 11 ਨੂੰ ਉਹ ਪੈਸੇ ਲੈਣ ਪਹੁੰਚੇ ਤਾਂ ਡਾਕਟਰ ਨੇ ਉਨ੍ਹਾਂ ਨਾਲ ਦੁਰਵਿਹਾਰ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਉਹ ਖ਼ੁਦ ਮੌਕੇ 'ਤੇ ਪਹੁੰਚੇ ਅਤੇ ਡਾਕਟਰ ਨੂੰ ਪੈਸੇ ਨਾ ਦੇਣ ਦੀ ਸੂਰਤ ਵਿਚ ਪਰਚੀ ਵਾਪਸ ਕਰਨ ਲਈ ਕਿਹਾ ਤਾਂ ਕਿ ਉਨ੍ਹਾਂ ਦੇ ਹਿਸਾਬ 'ਚ ਕੋਈ ਗੜਬੜ ਨਾ ਹੋਵੇ ਪਰ ਡਾਕਟਰ ਨੇ ਉਲਟਾ ਉਨ੍ਹਾਂ ਨਾਲ ਵੀ ਗਾਲੀ-ਗਲੋਚ ਕੀਤਾ। ਉਨ੍ਹਾਂ ਕਿਹਾ ਕਿ ਡਾਕਟਰ ਦਾ ਇਕ ਨਜ਼ਦੀਕੀ ਰਿਸ਼ਤੇਦਾਰ ਵੱਡੇ ਰਾਜਨੀਤਕ ਅਹੁਦੇ 'ਤੇ ਤਾਇਨਾਤ ਹੈ ਜਿਸ ਦੇ ਦਬਾਅ ਵਿਚ ਪੁਲਿਸ ਨੇ ਉਨ੍ਹਾਂ ਖ਼ਿਲਾਫ਼ ਝੂਠਾ ਮਾਮਲਾ ਦਰਜ ਕੀਤਾ ਹੈ।