ਸੁਖਬੀਰ ਅੱਤੇਪੁਰ/ਰਣਜੀਤ ਬਾਵਾ, ਘੁਮਾਣ

ਪੰਜਾਬ ਸਰਕਾਰ ਵੱਲੋਂ ਜ਼ਮੀਨ ਹੇਠਲੇ ਪਾਣੀ ਨੂੰ ਬਚਾਉਣ ਲਈ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਵੱਲੋਂ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ 1500 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਇਹ ਪ੍ਰਗਟਾਵਾ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਨੇ ਖੇਤੀਬਾੜੀ ਵਿਭਾਗ ਵੱਲੋਂ ਪਿੰਡ ਅਠਵਾਲ ਵਿਖੇ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਲਗਾਏ ਜਾਗਰੂਕਤਾ ਕੈਂਪ ਨੂੰ ਸੰਬੋਧਨ ਕਰਦਿਆਂ ਕੀਤਾ। ਉਨਾਂ੍ਹ ਕਿਹਾ ਕਿ ਧਰਤ ਹੇਠਲੇ ਪਾਣੀ ਨੂੰ ਬਚਾਉਣ ਲਈ ਝੋਨੇ ਦੀ ਸਿੱਧੀ ਬਿਜਾਈ ਬਹੁਤ ਕਾਰਗਰ ਹੈ ਅਤੇ ਇਸ ਵਿਧੀ ਨਾਲ ਜਿਥੇ ਪਾਣੀ ਦੀ ਬਚਤ ਹੁੰਦੀ ਹੈ, ਉਥੇ ਫ਼ਸਲ ਦਾ ਝਾੜ ਵੀ ਪੂਰਾ ਨਿਕਲਦਾ ਹੈ। ਉਨਾਂ੍ਹ ਕਿਸਾਨਾਂ ਨੂੰ ਘੱਟੋ-ਘੱਟ ਆਪਣਾ 30 ਫੀਸਦੀ ਰਕਬਾ ਝੋਨੇ ਦੀ ਸਿੱਧੀ ਬਿਜਾਈ ਹੇਠ ਲਿਆਉਣ ਦੀ ਅਪੀਲ ਕੀਤੀ। ਜਾਗਰੂਕਤਾ ਕੈਂਪ ਦੌਰਾਨ ਡਿਪਟੀ ਕਮਿਸਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਜ਼ਿਲ੍ਹਾ ਗੁਰਦਾਸਪੁਰ ਵਿਚ 65 ਹਜ਼ਾਰ ਹੈਕਟੇਅਰ ਰਕਬੇ 'ਚ ਝੋਨੇ ਦੀ ਸਿੱਧੀ ਬਿਜਾਈ ਕਰਨ ਦਾ ਟੀਚਾ ਮਿੱਥਿਆ ਗਿਆ ਹੈ ਅਤੇ ਇਸ ਲਈ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨਾਂ੍ਹ ਕਿਹਾ ਕਿ ਪਾਣੀ ਕੁਦਰਤ ਦਾ ਉਹ ਬੇਸ਼ਕੀਮਤੀ ਖਜ਼ਾਨਾ ਹੈ, ਜਿਸ ਤੋਂ ਬਿਨਾਂ੍ਹ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਉਨਾਂ੍ਹ ਕਿਹਾ ਕਿ ਧਰਤ ਹੇਠਲੇ ਪਾਣੀ ਨੂੰ ਬਚਾਉਣ ਦਾ ਇਹ ਆਖਰੀ ਮੌਕਾ ਹੈ ਅਤੇ ਜੇਕਰ ਅਸੀਂ ਅਜੇ ਵੀ ਨਾ ਸੰਭਲੇ ਤਾਂ ਆਉਣ ਵਾਲੀਆਂ ਨਸਲਾਂ ਸਾਨੂੰ ਕਦੀ ਮੁਆਫ਼ ਨਹੀਂ ਕਰਨਗੀਆਂ। ਇਸ ਮੌਕੇ ਉਨਾਂ੍ਹ ਨੇ ਕਿਸਾਨਾਂ ਨੂੰ ਬੈਂਕਾਂ ਦੀ ਕਿਸਾਨ ਕਰੈਡਿਟ ਕਾਰਡ (ਕੇਸੀਸੀ) ਸਕੀਮ ਦਾ ਲਾਭ ਉਠਾਉਣ ਲਈ ਵੀ ਪੇ੍ਰਰਤ ਕੀਤਾ। ਡਿਪਟੀ ਕਮਿਸਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਜ਼ਿਲ੍ਹਾ ਵਾਸੀਆਂ ਨੂੰ ਨਸ਼ਿਆਂ ਵਿਰੁੱਧ ਲਾਮਬੰਦ ਹੋਣ ਦਾ ਸੱਦਾ ਵੀ ਦਿੱਤਾ। ਉਨਾਂ੍ਹ ਕਿਹਾ ਕਿ ਨਸ਼ਾ ਇੱਕ ਬਿਮਾਰੀ ਹੈ ਅਤੇ ਸਰਕਾਰੀ ਹਸਪਤਾਲਾਂ ਵਿੱਚ ਇਸਦਾ ਇਲਾਜ ਬਿਲਕੁਲ ਮੁਫ਼ਤ ਹੈ। ਉਨਾਂ੍ਹ ਕਿਹਾ ਕਿ ਜ਼ਿਲਾਂ੍ਹ ਪ੍ਰਸ਼ਾਸਨ ਵੱਲੋਂ ਇੱਕ ਵਟਸਐੱਪ ਹੈਲਪ ਲਾਈਨ ਨੰਬਰ 62391-39973 ਵੀ ਜਾਰੀ ਕੀਤਾ ਗਿਆ ਹੈ, ਜਿਸ 'ਤੇ ਨਸ਼ੇ ਦੇ ਪੀੜ੍ਹਤ ਦਾ ਇਲਾਜ ਕਰਵਾਉਣ ਲਈ ਸੰਪਰਕ ਕੀਤਾ ਜਾ ਸਕਦਾ ਹੈ। ਇਸਤੋਂ ਇਲਾਵਾ ਇਸ ਨੰਬਰ 'ਤੇ ਨਸ਼ਾ ਵੇਚਣ ਵਾਲੇ ਦੀ ਸੂਚਨਾ ਭੇਜੀ ਜਾ ਸਕਦੀ ਹੈ। ਉਨਾਂ੍ਹ ਕਿਹਾ ਕਿ ਸੂਚਨਾ ਦੇਣ ਵਾਲੇ ਦੀ ਪਛਾਣ ਪੂਰੀ ਤਰਾਂ ਗੁਪਤ ਰੱਖੀ ਜਾਵੇਗੀ। ਇਸ ਮੌਕੇ ਖੇਤੀਬਾੜੀ ਟਰੇਨਿੰਗ ਅਫ਼ਸਰ ਡਾ. ਹਰਮਿੰਦਰ ਪਾਲ ਸਿੰਘ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਬਹੁਤ ਸਫ਼ਲ ਹੈ ਅਤੇ ਇਸ ਤਕਨੀਕ ਨੂੰ ਅਪਨਾਉਣਾ ਚਾਹੀਦਾ ਹੈ। ਉਨਾਂ੍ਹ ਦੱਸਿਆ ਕਿ ਕਣਕ ਦੇ ਵੱਢ ਨੂੰ ਪਾਣੀ ਦੇਣ ਤੋਂ 3 ਦਿਨ ਬਾਅਦ ਵੱਤਰ ਆਉਣ 'ਤੇ ਦੋ ਵਾਰ ਵਾਹ ਕੇ ਸੁਹਾਗਾ ਮਾਰ ਕੇ ਖੇਤ ਛੱਡ ਦਿੱਤਾ ਜਾਵੇ। ਬਿਜਾਈ ਤੋਂ ਤਿੰਨ ਦਿਨ ਪਹਿਲਾਂ ਖੇਤ ਨੂੰ ਪਾਣੀ ਲਗਾਇਆ ਜਾਵੇ। ਇਸ ਤੋਂ 3 ਦਿਨ ਬਾਅਦ ਤੱਕ ਵੱਤਰ ਆੳੇਣ 'ਤੇ 2 ਵਾਰ ਵਾਹੁਣ ਉਪਰੰਤ 3 ਵਾਰ ਸੁਹਾਗੇ ਮਾਰੇ ਜਾਣ। ਉਸੇ ਦਿਨ ਬਿਜਾਈ ਸਵੇਰੇ ਜਾਂ ਸ਼ਾਮ ਵੇਲੇ ਕੀਤੀ ਜਾਵੇ। ਉਨਾਂ੍ਹ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਸਿਰਫ਼ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਵਿੱਚ ਹੀ ਕੀਤੀ ਜਾਵੇ। ਹਲਕੀਆਂ ਜ਼ਮੀਨਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਨਾ ਕੀਤੀ ਜਾਵੇ। ਉਨਾਂ ਕਿਹਾ ਕਿ ਝੋਨੇ ਦਾ ਬੀਜ ਅਤੇ ਨਦੀਨ ਨਾਸ਼ਕ ਖੇਤੀ ਮਾਹਿਰਾਂ ਦੀ ਸਲਾਹ ਅਨੁਸਾਰ ਹੀ ਪਾਏ ਜਾਣ। ਸਿੱਧੀ ਬਿਜਾਈ ਕਰਨ ਤੋਂ ਪਹਿਲਾ ਪਾਣੀ 21 ਦਿਨਾਂ ਬਾਅਦ ਲਗਾਇਆ ਜਾਵੇ ਅਤੇ ਬਾਅਦ ਵਿੱਚ ਲੋੜ ਅਨੁਸਾਰ ਜਾਂ ਹਰ 5ਵੇਂ ਦਿਨ ਪਾਣੀ ਲਗਾਇਆ ਜਾਣਾ ਚਾਹੀਦਾ ਹੈ। ਇਸ ਮੌਕੇ ਅਗਾਂਹਵਧੂ ਕਿਸਾਨ ਹਰਜਿੰਦਰ ਸਿੰਘ ਲੱਧਾ ਮੁੰਡਾ ਅਤੇ ਹਰਸਿਮਰਨ ਸਿੰਘ ਅਠਵਾਲ ਜਿਨਾਂ੍ਹ ਨੇ ਪਿਛਲੇ ਸਮੇਂ ਵੀ ਝੋਨੇ ਦੀ ਸਿੱਧੀ ਬਿਜਾਈ ਕਰਕੇ ਰਿਕਾਰਡ ਝਾੜ ਪ੍ਰਰਾਪਤ ਕੀਤਾ ਸੀ, ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਖੇਤੀਬਾੜੀ ਅਫ਼ਸਰ ਡਾ. ਰਣਬੀਰ ਸਿੰਘ ਠਾਕੁਰ, ਖੇਤੀਬਾੜੀ ਅਫ਼ਸਰ ਕੰਵਲਪ੍ਰਰੀਤ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਪਰਮਬੀਰ ਸਿੰਘ, ਬੀਡੀਪੀਓ ਅਮਨਦੀਪ ਕੌਰ, ਸੀਡੀਪੀਓ ਕਮਲਜੀਤ ਕੌਰ, ਐੱਸਐੱਮਓ ਭਾਮ ਡਾ. ਜਤਿੰਦਰ ਸਿੰਘ, ਡਾ. ਗੁਰਦਿਆਲ ਸਿੰਘ, ਸਾਬਕਾ ਸਰਪੰਚ ਗੁਰਨਾਮ ਸਿੰਘ ਅਠਵਾਲ, ਜਸਵਿੰਦਰ ਸਿੰਘ, ਬਲਦੇਵ ਸਿੰਘ ਭੰਬੋਈ, ਪ੍ਰਧਾਨ ਤਰਸੇਮ ਸਿੰਘ ਬਾਵਾ, ਸੁਖਰਾਜ ਸਿੰਘ ਮੀਕੇ ਆਦਿ ਹਾਜ਼ਰ ਸਨ।