ਸੋਹਨ ਲਾਲ, ਸਿਹੋੜਾ : ਹਲਕਾ ਭੋਆ ਅਧੀਨ ਪੈਂਦੇ ਪਿੰਡ ਝੇਲਾ ਆਮਦਾ ਸ਼ਕਰਗੜ੍ਹ ਵਿਖੇ ਦਿਨ-ਦਿਹਾੜੇ ਬਜ਼ੁਰਗ ਕਿਸਾਨ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿ੍ਤਕ ਦੀ ਪਛਾਣ ਗੁਲਜਾਰ ਸਿੰਘ ਵਜੋਂ ਹੋਈ ਹੈ।

ਜਾਣਕਾਰੀ ਦਿੰਦੇ ਹੋਏ ਮਿ੍ਤਕ ਦੇ ਪੁੱਤਰ ਕੁਲਜੀਤ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਕਰੀਬ 9 ਵਜੇ ਆਪਣੀ ਪਤਨੀ ਬਲਜੀਤ ਕੌਰ ਨਾਲ ਮੋਟਰਸਾਈਕਲ 'ਤੇ ਸੁੰਦਰਚੱਕ ਵਿਖੇ ਦਵਾਈ ਲੈਣ ਗਿਆ ਸੀ। ਇਸ ਦੌਰਾਨ ਉਸ ਦਾ ਬਜ਼ੁਰਗ ਪਿਤਾ ਘਰ 'ਚ ਇਕੱਲਾ ਸੀ। ਜਦ ਉਹ ਕਰੀਬ ਡੇਢ ਵਜੇ ਵਾਪਸ ਪਰਤੇ ਤਾਂ ਉਸ ਦਾ ਪਿਤਾ ਘਰੋਂ ਗਾਇਬ ਸੀ।

ਉਨ੍ਹਾਂ ਦੀ ਭਾਲ 'ਚ ਜਦ ਉਹ ਡੰਗਰਾਂ ਵਾਲੇ ਕਮਰੇ 'ਚ ਗਿਆ ਤਾਂ ਉਸ ਨੇ ਦੇਖਿਆ ਕਿ ਉਥੇ ਉਸ ਦੇ ਪਿਤਾ ਦੀ ਲਾਸ਼ ਪਈ ਸੀ ਤੇ ਕੰਨ 'ਚੋਂ ਖ਼ੂਨ ਨਿਕਲ ਰਿਹਾ ਸੀ ਅਤੇ ਗਲ 'ਤੇ ਰੱਸੀ ਦੇ ਨਿਸ਼ਾਨ ਸਨ। ਉਸ ਨੇ ਸ਼ੱਕ ਜ਼ਾਹਿਰ ਕੀਤਾ ਕਿ ਉਸ ਦੇ ਪਿਤਾ ਦੀ ਗਲ ਘੁੱਟ ਕੇ ਹੱਤਿਆ ਕੀਤੀ ਗਈ ਹੈ। ਤਾਰਾਗੜ੍ਹ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਅਣਪਛਾਤਿਆਂ ਵਿਰੁੱਧ ਧਾਰਾ 302 ਤਹਿਤ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।