ਫਰਦ ਕੇਂਦਰ ਦੇ ਕੰਪਿਊਟਰ ਆਪਰੇਟਰਾਂ ਨੇ ਕਾਲੇ ਬਿੱਲੇ ਲਗਾ ਕੇ ਕੀਤਾ ਦਫ਼ਤਰੀ ਕੰਮ
ਫਰਦ ਕੇਂਦਰ ਦੇ ਕੰਪਿਊਟਰ ਆਪਰੇਟਰਾਂ ਨੇ ਕਾਲੇ ਬਿੱਲੇ ਲਗਾ ਕੇ ਕੀਤਾ ਦਫ਼ਤਰੀ ਕੰਮ
Publish Date: Tue, 02 Dec 2025 04:53 PM (IST)
Updated Date: Tue, 02 Dec 2025 04:56 PM (IST)

ਆਕਾਸ਼,ਪੰਜਾਬੀ ਜਾਗਰਣ ਗੁਰਦਾਸਪੁਰ: ਫਰਦ ਕੇਂਦਰ ਦੇ ਕੰਪਿਊਟਰ ਆਪਰੇਟਰਾਂ ਨੇ ਸਰਕਾਰ ਅਤੇ ਵਿਭਾਗ ਵੱਲੋਂ ਆਪਣੀਆਂ ਮੰਗਾਂ ਸਬੰਧੀ ਕਿਸੇ ਵੀ ਨੀਤੀ ਤੇ ਚਰਚਾ ਨਾ ਕਰਨ ਦੇ ਵਿਰੋਧ ਵਿੱਚ ਕਾਲੇ ਬਿੱਲੇ ਲਗਾ ਕੇ ਕੰਮ ਕੀਤਾ। ਉਨ੍ਹਾਂ ਨੇ 3 ਅਤੇ 4 ਦਸੰਬਰ ਨੂੰ ਦਫ਼ਤਰੀ ਕੰਮ ਨੂੰ ਪੂਰੀ ਤਰ੍ਹਾਂ ਬੰਦ ਕਰਨ ਦਾ ਐਲਾਨ ਵੀ ਕੀਤਾ। ਫਰਦ ਕੇਂਦਰ ਕੰਪਿਊਟਰ ਆਪਰੇਟਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਦਿਲਬਾਗ ਸਿੰਘ ਨੇ ਕਿਹਾ ਕਿ ਸਮੂਹ ਆਪਰੇਟਰ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਫਰਦ ਕੇਂਦਰਾਂ ਵਿੱਚ ਡੇਟਾ ਐਂਟਰੀ ਆਪਰੇਟਰਾਂ ਵਜੋਂ ਕੰਮ ਕਰ ਰਹੇ ਹਨ। ਉਨ੍ਹਾਂ ਨੂੰ ਨਿੱਜੀ ਕੰਪਨੀ ਸੀਐੱਮਐੱਸ ਕੰਪਿਊਟਰਜ਼ ਲਿਮਟਿਡ ਦੁਆਰਾ ਜਮ੍ਹਾਂਬੰਦੀਆਂ, ਖਸਰਾ ਗਿਰਦਾਵਰੀਆਂ ਅਤੇ ਇੰਤਕਾਲ ਰਿਕਾਰਡਾਂ ਨੂੰ ਰਜਿਸਟਰ ਕਰਕੇ ਅਤੇ ਪੰਜਾਬ ਦੇ ਜਾਇਦਾਦ ਰਿਕਾਰਡਾਂ ਦਾ ਕੰਪਿਊਟਰੀਕਰਨ ਕਰਕੇ ਜਨਤਾ ਨੂੰ ਆਧੁਨਿਕ ਸੇਵਾਵਾਂ ਪ੍ਰਦਾਨ ਕਰਨ ਲਈ ਭਰਤੀ ਕੀਤਾ ਗਿਆ ਸੀ। ਉਹ ਲਗਭਗ 18 ਸਾਲਾਂ ਤੋਂ ਬਿਨਾਂ ਕਿਸੇ ਰੁਕਾਵਟ ਦੇ ਅਣਥੱਕ ਮਿਹਨਤ ਕਰ ਰਹੇ ਹਾਂ। ਚੋਣ ਡਿਊਟੀ ਅਤੇ ਕੋਵਿਡ-19 ਦੌਰਾਨ ਵੀ ਵਰਕਸਟੇਸ਼ਨਾਂ ਅਤੇ ਫੀਲਡ ਵਿੱਚ ਕੰਮ ਕੀਤਾ। ਇਸ ਨਾਲ ਵਿਦੇਸ਼ਾਂ ਵਿੱਚ ਰਹਿੰਦੇ ਆਮ ਲੋਕਾਂ ਅਤੇ ਪੰਜਾਬੀਆਂ ਨੂੰ ਸਿੱਧੇ ਤੌਰ ਤੇ ਫਾਇਦਾ ਹੋਇਆ ਹੈ ਕਿਉਂਕਿ ਉਨ੍ਹਾਂ ਦੇ ਜ਼ਮੀਨੀ ਰਿਕਾਰਡ ਦੀਆਂ ਕਾਪੀਆਂ ਪ੍ਰਾਪਤ ਕਰਨਾ ਆਸਾਨ ਹੋ ਗਿਆ ਹੈ। ਜਦੋਂ 2006-07 ਵਿੱਚ ਮੈਨੂਅਲ ਜ਼ਮੀਨੀ ਰਿਕਾਰਡਾਂ ਤੋਂ ਲੈ ਕੇ ਡਿਜੀਟਲ ਜ਼ਮੀਨੀ ਰਿਕਾਰਡਾਂ ਤੱਕ ਡੇਟਾ ਐਂਟਰੀ ਦਾ ਕੰਮ ਸ਼ੁਰੂ ਹੋਇਆ ਸੀ ਤਾਂ ਸਾਨੂੰ ਸੀਐੱਮਐੱਸ ਕੰਪਿਊਟਰਜ਼ ਲਿਮਟਿਡ ਦੁਆਰਾ ਸਿਰਫ਼ 2,800 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਂਦੀ ਸੀ। ਵਰਤਮਾਨ ਵਿੱਚ ਉਨ੍ਹਾਂ ਨੂੰ 8 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਿਲਦਾ ਹੈ। ਅੱਜ ਦੇ ਮਹਿੰਗਾਈ ਦੇ ਸਮੇਂ ਵਿੱਚ ਇਹ ਤਨਖਾਹ ਬਹੁਤ ਘੱਟ ਹੈ। ਹਾਲਾਂਕਿ ਕੰਪਨੀ ਨੇ ਹਰ ਸਾਲ ਤਨਖਾਹਾਂ ਵਧਾਉਣ ਦਾ ਵਾਅਦਾ ਕੀਤਾ ਸੀ ਪਰ ਇਹ ਲੰਬੇ ਸਮੇਂ ਤੋਂ ਵਿੱਤੀ ਤੌਰ ਤੇ ਮੁਨਾਫ਼ਾ ਕਮਾ ਰਹੀ ਹੈ। ਜਦੋਂ ਵੀ ਫਰਦ ਕੇਂਦਰ ਦੇ ਕਰਮਚਾਰੀਆਂ ਨੇ ਤਨਖਾਹਾਂ ਵਿੱਚ ਵਾਧੇ ਦੀ ਮੰਗ ਕੀਤੀ ਹੈ, ਉਹ ਉਨ੍ਹਾਂ ਨੂੰ ਨੌਕਰੀ ਤੋਂ ਕੱਢਣ ਦੀਆਂ ਧਮਕੀਆਂ ਦਿੰਦੇ ਰਹੇ ਹਨ। ਬਹੁਤ ਸਾਰੇ ਕਰਮਚਾਰੀ ਲੰਬੇ ਸਮੇਂ ਤੋਂ ਫਰਦ ਕੇਂਦਰ ਨਾਲ ਜੁੜੇ ਹੋਏ ਹਨ, ਅਤੇ ਬਹੁਤ ਸਾਰੇ ਫਰਦ ਕੇਂਦਰ ਕਰਮਚਾਰੀ ਆਪਣੀ ਉਮਰ ਸੀਮਾ ਪਾਰ ਕਰ ਚੁੱਕੇ ਹਨ ਅਤੇ ਹੋਰ ਨੌਕਰੀਆਂ ਪ੍ਰਾਪਤ ਕਰਨ ਵਿੱਚ ਅਸਮਰੱਥ ਹਨ। ਉਨ੍ਹਾਂ ਦੇ ਪਰਿਵਾਰਾਂ ਦੀ ਰੋਜ਼ੀ-ਰੋਟੀ ਇੱਕ ਭਿਆਨਕ ਸਥਿਤੀ ਦਾ ਸਾਹਮਣਾ ਕਰ ਰਹੀ ਹੈ, ਜਿਸ ਨਾਲ ਫਰਦ ਕੇਂਦਰ ਕਰਮਚਾਰੀਆਂ ਦੇ ਪਰਿਵਾਰਾਂ ਅਤੇ ਬੱਚਿਆਂ ਦਾ ਭਵਿੱਖ ਭਿਆਨਕ ਸਥਿਤੀ ਵਿੱਚ ਹੈ। ਉਨ੍ਹਾਂ ਮੰਗ ਕੀਤੀ ਕਿ ਕਰਮਚਾਰੀਆਂ ਨੂੰ ਰੋਜ਼ਾਨਾ ਉਜਰਤ ਕਾਨੂੰਨ ਅਨੁਸਾਰ ਉਜਰਤ ਦਿੱਤੀ ਜਾਵੇ। ਜੇਕਰ ਕੋਈ ਆਪਰੇਟਰ ਕਿਸੇ ਹਾਦਸੇ ਦਾ ਸ਼ਿਕਾਰ ਹੁੰਦਾ ਹੈ, ਤਾਂ ਉਸ ਦੇ ਪਰਿਵਾਰ ਨੂੰ ਵਿੱਤੀ ਸਹਾਇਤਾ ਅਤੇ ਸਰਕਾਰੀ ਨੌਕਰੀ ਦਿੱਤੀ ਜਾਣੀ ਚਾਹੀਦੀ ਹੈ। ਭਵਿੱਖ ਵਿੱਚ, ਆਪਰੇਟਰ ਅਤੇ ਉਸ ਦੇ ਪਰਿਵਾਰ ਨੂੰ ਬੀਮਾ ਪਾਲਿਸੀ ਦੇ ਤਹਿਤ ਸੁਰੱਖਿਅਤ ਕੀਤਾ ਜਾਣਾ ਚਾਹੀਦਾ ਹੈ। ਕੰਪਿਊਟਰ ਆਪਰੇਟਰਾਂ ਦੀਆਂ ਸੇਵਾਵਾਂ ਵਿਭਾਗ ਦੇ ਕੰਟਰੋਲ ਹੇਠ ਲਈਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਕਾਲੇ ਬਿੱਲੇ ਲਗਾ ਕੇ ਕੰਮ ਕੀਤਾ ਜਾ ਰਿਹਾ ਹੈ, ਪਰ 3 ਅਤੇ 4 ਦਸੰਬਰ ਨੂੰ ਕੰਮ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ। ਜੇਕਰ 4 ਦਸੰਬਰ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਸੁਪਰਵਾਈਜ਼ਰ ਦੀਪਕ ਕੁਮਾਰ, ਆਪਰੇਟਰ ਨਵਰਾਜ ਸਮਰਾਲ, ਬੌਬੀ ਅੱਤਰੀ ਅਤੇ ਹੋਰ ਹਾਜ਼ਰ ਸਨ।