ਜੇਐੱਨਐੱਨ, ਪਠਾਨਕੋਟ : ਪਠਾਨਕੋਟ 'ਚ ਪਿਛੇ ਕੁਝ ਦਿਨਾਂ ਤੋਂ ਦੂਜਾ ਮਾਮਲਾ ਅਜਿਹਾ ਸਾਹਮਣੇ ਆਇਆ ਹੈ, ਜਦੋਂ ਸਮੇਂ 'ਤੇ ਇਲਾਜ ਨਾ ਮਿਲਣ ਕਾਰਨ ਕਿਸੇ ਦੀ ਜਾਨ ਚਲੀ ਗਈ ਹੋਵੇ। ਪਹਿਲਾਂ ਸੁਜਾਨਪੁਰ 'ਚ ਸੱਤ ਸਾਲਾ ਬੱਚੇ ਨੂੰ ਇਲਾਜ ਨਹੀਂ ਮਿਲ ਸਕਿਆ ਸੀ, ਇਸ ਵਾਰ ਡਲਹੌਜ਼ੀ ਰੋਡ ਦੀ 80 ਸਾਲਾ ਬਜ਼ੁਰਗ ਔਰਤ ਨੂੰ ਹਾਰਟ ਅਟੈਕ ਆਉਣ 'ਤੇ ਐਂਬੂਲੈਂਸ ਨਹੀਂ ਮਿਲ ਸਕੀ। ਪਰਿਵਾਰ ਮਜਬੂਰੀ ਕਾਰਨ ਇਕ ਸਾਈਕਲ ਰੇਹੜੀ 'ਤੇ ਹੀ ਉਸ ਨੂੰ ਨੇੜਲੇ ਹਸਪਤਾਲ ਲੈ ਕੇ ਗਿਆ, ਪਰ ਉਦੋਂ ਤਕ ਉਸ ਦੀ ਮੌਤ ਹੋ ਚੁੱਕੀ ਸੀ। ਬਜ਼ੁਰਗ ਔਰਤ ਸ਼ਿਵ ਸੇਨਾ ਸਮਾਜਵਾਦੀ ਦੇ ਉਤਰ ਭਾਰਤ ਮੁਖੀ ਰਜਿੰਦਰ ਕੁਮਾਰ ਜਿੰਦੀ ਦੀ ਮਾਤਾ ਸੀ।

ਰਜਿੰਦਰ ਨੇ ਦੋਸ਼ ਲਗਾਇਆ ਕਿ ਬੁੱਧਵਾਰ ਸ਼ਾਮ ਉਸ ਦੀ ਮਾਤਾ ਸੀਤਾ ਦੇਵੀ ਨੂੰ ਦਿਲ ਦਾ ਦੌਰਾ ਪਿਆ ਤਾਂ ਉਨ੍ਹਾਂ ਨੇ 108 'ਤੇ ਫੋਨ ਕਰ ਕੇ ਐਂਬੂਲੈਂਸ ਦੀ ਮੰਗ ਕੀਤੀ ਪਰ ਮੁਲਾਜ਼ਮ ਕਾਫੀ ਦੇਰ ਤਕ ਸਲਾਸ-ਜਵਾਬ ਹੀ ਕਰਦਾ ਰਿਹਾ। ਬਾਅਦ 'ਚ ਕਿਹਾ ਕਿ ਐਂਬੂਲੈਂਸ ਕਿਤੇ ਬਾਹਰ ਗਈ ਹੈ ਇਕ ਘੰਟੇ ਬਾਅਦ ਪੁੱਜੇਗੀ।

ਇਸ ਦੌਰਾਨ ਉਨ੍ਹਾਂ ਨੇ ਸ਼ਹਿਰ ਦੇ ਦੋ ਨਿੱਜੀ ਡਾਕਟਰਾਂ ਨੂੰ ਵੀ ਮਾਤਾ ਦੀ ਹਾਲਤ ਵਿਗ਼ੜਣ ਬਾਰੇ ਕਿਹਾ ਪਰ ਉਨ੍ਹਾਂ ਨੇ ਸਿਵਲ ਹਸਪਤਾਲ ਜਾਣ ਲਈ ਕਹਿ ਦਿੱਤਾ। ਬਾਅਦ 'ਚ ਕਿਸੇ ਤਰ੍ਹਾਂ ਸਾਈਕਲ ਰੇਹੜੀ 'ਤੇ ਮਾਤਾ ਨੂੰ ਇਕ ਨਿੱਜੀ ਡਾਕਟਰ ਕੋਲ ਲੈ ਗਏ ਪਰ ਉਦੋਂ ਤਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਜੇਕਰ ਸਮੇਂ 'ਤੇ ਉਨ੍ਹਾਂ ਨੂੰ ਐਂਬੂਲੈਂਸ ਤੇ ਇਲਾਜ ਮਿਲ ਜਾਂਦਾ ਤਾਂ ਸ਼ਾਇਦ ਉਨ੍ਹਾਂ ਦੀ ਮਾਂ ਬੱਚ ਜਾਂਦੀ। ਉੱਧਰ ਐੱਸਐੱਮਓ ਡਾ. ਭੁਪਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਅਜਿਹੀ ਕੋਈ ਸ਼ਿਕਾਇਤ ਨਹੀਂ ਆਈ। ਮਾਮਲੇ ਦੀ ਜਾਂਚ ਕੀਤੀ ਜਾਵੇਗੀ ਕਿ ਐਂਬੂਲੈਂਸ ਕਿਉਂ ਨਹੀਂ ਮਿਲੀ।