ਸ਼ਾਮ ਸਿੰਘ ਘੁੰਮਣ, ਦੀਨਾਨਗਰ : ਪਾਕਿਸਤਾਨ ਦੀ ਘਟੀਆ ਮਾਨਸਿਕਤਾ ਕਾਰਨ ਭਾਰਤ ਦੇ ਗਲ਼ ਥੋਪੀ ਗਈ ਕਾਰਗਿਲ ਜੰਗ, ਜਿਸ ਨੂੰ ਯਾਦ ਕਰਦਿਆਂ ਹੀ ਹਰ ਭਾਰਤੀ ਦੀਆਂ ਅੱਖਾਂ ਅੱਗੇ ਭਾਰਤੀ ਫ਼ੌਜ ਦੇ ਜਾਂਬਾਜ਼ ਸੈਨਿਕਾਂ ਦੇ ਦਲੇਰੀ ਭਰੇ ਕਿੱਸੇ ਘੁੰਮਣ ਲੱਗਦੇ ਹਨ ਅਤੇ ਹਰ ਭਾਰਤੀ ਦਾ ਸਿਰ ਦੇਸ਼ ਦੇ 528 ਵੀਰ ਸੈਨਿਕਾਂ ਦੀ ਸ਼ਹਾਦਤ ਅੱਗੇ ਝੁਕ ਜਾਂਦਾ ਹੈ, ਜਿਨ੍ਹਾਂ ਨੇ ਦੇਸ਼ ਲਈ ਕੁਰਬਾਨੀ ਦਿੱਤੀ।

ਗੁਰਦਾਸਪੁਰ ਦੀ ਧਰਤੀ ਨੂੰ ਵੀ ਇਹ ਮਾਣ ਪ੍ਰਾਪਤ ਹੈ ਕਿ ਉਸ ਦੇ ਲਾਲਾਂ ਨੇ ਵੀ ਦੇਸ਼ ਦੀ ਅਣਖ ਨੂੰ ਪਈ ਵੰਗਾਰ ਮੋਹਰੀ ਹੋ ਕੇ ਦਲੇਰੀ ਨਾਲ ਲੜੀ ਅਤੇ ਕਾਰਗਿਲ ਜੰਗ ਸਮੇਂ ਦੇਸ਼ ਤੋਂ ਕੁਰਬਾਨ ਹੋਣ ਵਾਲੇ 528 ਵੀਰ ਸੈਨਿਕਾਂ ਵਿੱਚੋਂ ਸਭ ਤੋਂ ਵੱਧ 8 ਜਵਾਨਾਂ ਦਾ ਬਲੀਦਾਨ ਦੇ ਕੇ ਨਾਂ ਸਿਰਫ ਕਾਰਗਿਲ ਦੀਆਂ ਉੱਚੀਆਂ ਤੇ ਬਰਫੀਲੀਆਂ ਪਹਾੜੀਆਂ 'ਤੇ ਬਹਾਦਰੀ ਦੀ ਮਿਸਾਲ ਕਾਇਮ ਕੀਤੀ, ਸਗੋਂ ਦੇਸ਼ ਖਾਤਰ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦਾਂ ਦੀ ਸ਼੍ਰੇਣੀ 'ਚ ਅਪਣਾ ਅਤੇ ਗੁਰਦਾਸਪੁਰ ਜ਼ਿਲ੍ਹੇ ਦਾ ਨਾਂ ਸਦਾ ਲਈ ਸੁਨਹਿਰੀ ਅੱਖਰਾਂ ਵਿੱਚ ਦਰਜ ਕਰਵਾ ਦਿੱਤਾ।

ਇਨ੍ਹਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਸਿਜਦਾ ਕਰਨ ਲਈ ਸੋਮਵਾਰ 26 ਜੁਲਾਈ ਨੂੰ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਵੱਲੋਂ ਜਨਰਲ ਸਕੱਤਰ ਕੁੰਵਰ ਰਵਿੰਦਰ ਵਿੱਕੀ ਦੀ ਅਗਵਾਈ ਹੇਠ ਦੀਨਾਨਗਰ ਦੇ ਐੱਸਐੱਸਐੱਮ ਕਾਲਜ ਵਿਖੇ ਇਕ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ।

ਇਸ ਸਬੰਧੀ ਕੁੰਵਰ ਰਵਿੰਦਰ ਵਿੱਕੀ ਨੇ ਦੱਸਿਆ ਕਿ ਕਾਰਗਿਲ ਦੀ ਜੰਗ ਦੌਰਾਨ ਗੁਰਦਾਸਪੁਰ ਜਿਲ੍ਹੇ ਦੇ ਅੱਠ ਜਵਾਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਸੀ। ਇਨ੍ਹਾਂ ਵਿੱਚ ਪਿੰਡ ਛੀਨਾ ਬੇਟ ਦੇ ਸ਼ਹੀਦ ਸੂਬੇਦਾਰ ਨਿਰਮਲ ਸਿੰਘ, ਦਕੋਹਾ ਦੇ ਸ਼ਹੀਦ ਸੂਬੇਦਾਰ ਅਜੀਤ ਸਿੰਘ, ਪਿੰਡ ਆਲਮਾਂ ਦੇ ਸ਼ਹੀਦ ਲਾਂਸ ਨਾਇਕ ਰਣਬੀਰ ਸਿੰਘ, ਫੱਤੇਨੰਗਲ ਦੇ ਲਾਂਸ ਨਾਇਕ ਮੁਕੇਸ਼ ਕੁਮਾਰ, ਪਿੰਡ ਭਟੋਆ ਦੇ ਸ਼ਹੀਦ ਸਿਪਾਹੀ ਮੇਜਰ ਸਿੰਘ, ਪਿੰਡ ਸਲਾਹਪੁਰ ਬੇਟ ਸ਼ਹੀਦ ਸਤਵੰਤ ਸਿੰਘ, ਪਿੰਡ ਡੇਰਾ ਪਠਾਣਾਂ ਦੇ ਲਾਂਸ ਨਾਇਕ ਕੰਸ ਰਾਜ ਅਤੇ ਪਠਾਨਕੋਟ ਜਿਲ੍ਹੇ ਦਾ ਬਮਿਆਲ ਨੇੜਲਾ ਪਿੰਡ ਝੜੋਲੀ, ਜੋ ਕਾਰਗਿਲ ਦੀ ਜੰਗ ਸਮੇਂ ਗੁਰਦਾਸਪੁਰ ਜ਼ਿਲ੍ਹੇ ਦਾ ਹੀ ਹਿੱਸਾ ਸੀ, ਦੇ ਲਾਂਸ ਨਾਇਕ ਹਰੀਸ਼ ਪਾਲ ਦੇ ਨਾਂ ਸ਼ਾਮਲ ਹਨ।

ਉਨ੍ਹਾਂ ਕਿਹਾ ਕਿ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹੇ ਦੀ ਧਰਤੀ ਨੂੰ ਇਹ ਮਾਣ ਪ੍ਰਾਪਤ ਹੈ ਕਿ ਉਸ ਦੇ ਜਾਇਆਂ ਨੇ ਦੇਸ਼ ਤੇ ਬਣੀ ਹਰ ਔਖੀ ਘੜੀ ਸਮੇਂ ਸੂਰਬੀਰਤਾ ਦੀ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਕਾਰਗਿਲ ਦਿਵਸ ਦੇ ਮੌਕੇ ਕਰਵਾਏ ਜਾ ਰਹੇ ਸਮਾਗਮ 'ਚ ਰਾਜਨੀਤਕ, ਸਮਾਜਿਕ, ਧਾਰਮਿਕ ਤੇ ਪ੍ਰਸ਼ਾਸਨਿਕ ਹਸਤੀਆਂ ਸ਼ਾਮਲ ਹੋ ਕੇ ਸ਼ਹੀਦਾਂ ਨੂੰ ਸਿਜਦਾ ਕਰਨਗੀਆਂ।

Posted By: Jagjit Singh