ਮਹਿੰਦਰ ਸਿੰਘ ਅਰਲੀਭੰਨ ਕਲਾਨੌਰ

ਇਤਿਹਾਸਕ ਕਸਬਾ ਕਲਾਨੌਰ ਦੇ ਬੱਸ ਸਟੈਂਡ ਮੂਹਰੇ ਨਿਰਮਾਣ ਹੋ ਰਹੇ ਨੈਸ਼ਨਲ ਹਾਈਵੇ 354 ਦੇ ਕਿਨਾਰਿਆਂ ਤੇ ਉੱਤੇ ਡੂੰਘੇ ਖੱਡਿਆਂ ਵਿੱਚ ਮਿੱਟੀ ਨਾ ਪਾਉਣ ਦੇ ਵਿਰੋਧ ਵਿੱਚ ਦੁਕਾਨਦਾਰਾਂ ਵੱਲੋਂ ਸਬੰਧਿਤ ਠੇਕੇਦਾਰ ਦਾ ਪੁਤਲਾ ਫੂਕਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਦੁਕਾਨਦਾਰ ਗੁਰਮੀਤ ਸਿੰਘ ਰੇਨੂੰ, ਮਨੋਹਰ ਸਿੰਘ ,ਗੋਪੀ ਖੁੱਲਰ, ਰਣਜੀਤ ਕੁਮਾਰ ਰਾਣਾ, ਅਮਰੀਕ ਸਿੰਘ, ਦਵਿੰਦਰ ਸਿੰਘ ,ਸਵਰਨ ਸਿੰਘ ,ਸਰਬਜੀਤ ਸਿੰਘ, ਹੈਪੀ ਖੁੱਲਰ ਆਦਿ ਦੁਕਾਨਦਾਰਾਂ ਦੱਸਿਆ ਕਿ ਇਤਿਹਾਸਕ ਕਸਬਾ ਕਲਾਨੌਰ ਵਿੱਚ ਨਿਰਮਾਣ ਹੋ ਰਹੇ ਨੈਸ਼ਨਲ ਹਾਈਵੇ ਗੁਰਦਾਸਪੁਰ, ਡੇਰਾ ਬਾਬਾ ਨਾਨਕ, ਰਮਦਾਸ 354 ਦੇ ਨਿਰਮਾਣ ਦੌਰਾਨ ਪਿਛਲੇ ਦੋ ਮਹੀਨਿਆਂ ਤੋਂ ਉਨ੍ਹਾਂ ਦੀਆਂ ਦੁਕਾਨਾਂ ਮੂਹਰੇ ਡੂੰਘੇ ਖੱਡੇ ਪੁੱਟੇ ਹੋਏ ਹਨ ਪ੍ਰੰਤੂ ਸੜਕ ਦਾ ਨਿਰਮਾਣ ਹੋਣ ਦੇ ਬਾਵਜੂਦ ਵੀ ਉਨ੍ਹਾਂ ਦੇ ਦੁਕਾਨਾਂ ਮੂਹਰੇ ਪੁੱਟੇ ਖੱਡਿਆਂ ਵਿੱਚ ਮਿੱਟੀ ਨਹੀਂ ਪਾਈ ਗਈ । ਉਨ੍ਹਾਂ ਦੱਸਿਆ ਕਿ ਡੂੰਘੇ ਖੱਡੇ ਹੋਣ ਕਾਰਨ ਉਨ੍ਹਾਂ ਦੀਆਂ ਦੁਕਾਨਾਂ ਦੇ ਕਾਰੋਬਾਰ ਠੱਪ ਹੋ ਚੁੱਕੇ ਹਨ । ਉਨ੍ਹਾਂ ਦੱਸਿਆ ਕਿ ਸੜਕ ਕਿਨਾਰੇ ਪੁੱਟੇ ਖੱਡਿਆਂ ਵਿੱਚ ਮਿੱਟੀ ਪਾਉਣ ਸਬੰਧੀ ਕਈ ਵਾਰ ਸਬੰਧਤ ਠੇਕੇਦਾਰ ਨੂੰ ਜਾਣੂੰ ਕਰਵਾਇਆ ਗਿਆ ਹੈ ਪ੍ਰੰਤੂ ਸਬੰਧਤ ਠੇਕੇਦਾਰ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ । ਉਨ੍ਹਾਂ ਦੱਸਿਆ ਕਿ ਡੂੰਘੇ ਖੱਡਿਆਂ ਕਾਰਨ ਦੁਕਾਨਦਾਰਾਂ ਅਤੇ ਰੇਹੜੀਆਂ ਲਗਾ ਕੇ ਰੋਟੀ ਰੋਜ਼ੀ ਕਮਾਉਣ ਵਾਲਿਆਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਤੇ ਉਨ੍ਹਾਂ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਉੱਚ ਅਧਿਕਾਰੀਆਂ ਅਤੇ ਡਿਪਟੀ ਕਮਿਸਨਰ ਗੁਰਦਾਸਪੁਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਸੜਕ ਕਿਨਾਰੇ ਪੁੱਟੇ ਡੂੰਘੇ ਖੱਡਿਆਂ ਤੇ ਵਿੱਚ ਤਰੁੰਤ ਮਿੱਟੀ ਪਾਈ ਜਾਵੇ ਅਤੇ ਹਾਈਵੇ ਦਾ ਨਿਰਮਾਣ ਮੁਕੰਮਲ ਕੀਤਾ ਜਾਵੇ ਤਾਂ ਜੋ ਦੁਕਾਨਦਾਰਾਂ ਨੂੰ ਰਾਹਤ ਮਿਲ ਸਕੇ।