ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ : ‘‘ਆਜ਼ਾਦੀ ਦੇ ਦਿਹਾੜੇ ਦੇ 75 ਸਾਲ ਬੀਤ ਜਾਣ ਦੇ ਬਾਵਜੂਦ ਵੀ ਉਹ ਵਕਤ ਚੇਤੇ ਕਰ ਕੇ ਪੁਰਾਣੇ ਯਾਰਾਂ ਬੇਲੀਆਂ ਦੀਆਂ ਯਾਦਾਂ ਤਰੋ-ਤਾਜ਼ਾ ਹੋ ਜਾਂਦੀਆਂ ਹਨ। ਬਟਵਾਰੇ ਦੌਰਾਨ ਮੁਸਲਮਾਨ ਯਾਰਾਂ ਨਾਲ ਰੋ ਰੋ ਕੇ ਵਿਛੋੜੇ ਪਏ ਸਨ।’’

ਇਹ ਪ੍ਰਗਟਾਵਾ ਸੇਵਾ ਮੁਕਤ ਸੂਬੇਦਾਰ ਸੁਰਜੀਤ ਸਿੰਘ ਕਾਹਲੋਂ ਕਲਾਨੌਰ ਨੇ ਕੀਤਾ। ਉਨ੍ਹਾਂ ਦੱਸਿਆ ਕਿ 5 ਮਈ 1932 ਨੂੰ ਮਾਤਾ ਬਸੰਤ ਕੌਰ ਦੀ ਕੁੱਖੋਂ ਤੇ ਪਿਤਾ ਬਲਵੰਤ ਸਿੰਘ ਦੇ ਗ੍ਰਹਿ ਪਿੰਡ ਵਜ਼ੀਰਪੁਰ ਤਹਿਸੀਲ ਨਾਰੋਵਾਲ ਜ਼ਿਲ੍ਹਾ ਸਿਆਲਕੋਟ ਪਾਕਿਸਤਾਨ ਵਿਚ ਜਨਮ ਹੋਇਆ ਸੀ। ਹਿੰਦੋਸਤਾਨ ਦੀ ਵੰਡ ਦੌਰਾਨ ਉਹ ਅੱਠਵੀਂ ਜਮਾਤ ਵਿਚ ਪੜ੍ਹਦੇ ਸਨ ਉਸ ਨੇ ਦੱਸਿਆ ਕਿ ਵੰਡ ਦੌਰਾਨ ਮੁਸਲਮਾਨ ਭਾਈਚਾਰੇ ਨੇ ਉਨ੍ਹਾਂ ਦੇ ਪਰਿਵਾਰ ਨੂੰ ਬੜੇ ਪਿਆਰ ਨਾਲ ਪਿੰਡੋਂ ਤੋਰਿਆ ਸੀ। ਇਸ ਦੌਰਾਨ ਉਹ ਆਪਣੇ ਯਾਰ ਬਸ਼ੀਰ ਤੇ ਹੋਰ ਬੇਲੀ ਰੋ ਰੋ ਕੇ ਇਕ ਦੂਸਰੇ ਤੋਂ ਵਿਛੜੇ ਸਨ।

ਬਾਪੂ ਸੁਰਜੀਤ ਸਿੰਘ ਨੇ ਦੱਸਿਆ ਕਿ ਦੋਵਾਂ ਦੇਸ਼ਾਂ ਦੀ ਵੰਡ ਹੋਣ ਤੋਂ ਬਾਅਦ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਚ ਪਰਿਵਾਰ ਸਮੇਤ ਕਰੀਬ 10 ਦਿਨ ਰਹੇ। ਇਸ ਦੌਰਾਨ ਜਦੋਂ ਉਹ ਪੈਦਲ ਤੁਰਦੇ ਪਿੰਡ ਮੂਧਲ ਪੁੱਜੇ ਤਾਂ ਭੁੱਖੇ ਢਿੱਡ ਭਰਨ ਲਈ ਪਿੰਡ ਵਾਸੀਆਂ ਵੱਲੋਂ ਲਾਇਆ ਲੰਗਰ ਛਕਣ ਲੱਗੇ। ਉਸ ਦਾ ਚਾਚਾ ਇੰਦਰਜੀਤ ਸਿੰਘ ਦਾ ਦੋਸਤ ਅੰਗਰੇਜ਼ ਪੁਲਿਸ ਵਿਚ ਨੌਕਰੀ ਕਰਦਾ ਸੀ, ਮਿਲਿਆ ਤੇ ਪਰਿਵਾਰ ਸਮੇਤ ਆਪਣੇ ਘਰ ਲੈ ਗਿਆ। ਉਥੇ ਉਸ ਦੇ ਗੁਆਂਢ ਵਿਚ ਮੁਸਲਮਾਨਾਂ ਦੇ ਘਰ ਵਿਚ ਰਹੇ। ਇਸ ਤੋਂ ਬਾਅਦ ਚਾਚੇ ਦੀ ਦੋਸਤ ਨੇ ਆਪਣੇ ਰਿਸ਼ਤੇਦਾਰ ਜੋ ਪਿੰਡ ਬਹਿਲੂਵਾਲ ਗਏ ਜਿਥੇ ਉਨ੍ਹਾਂ ਨੂੰ ਕੱਚੀ ਅਲਾਟਮੈਂਟ ਹੋਈ। ਇਸ ਤੋਂ ਬਾਅਦ ਉਹ ਕਲਾਨੌਰ ਪੱਕੀ ਅਲਾਟਮੈਂਟ ’ਤੇ ਬੈਠੇ। ਸੁਰਜੀਤ ਸਿੰਘ ਨੇ ਦੱਸਿਆ ਕਿ ਉਹ ਵੰਡ ਤੋਂ ਬਾਅਦ ਫੌਜ ਵਿਚ ਨਾਇਬ ਸੂਬੇਦਾਰ ਸੇਵਾ ਮੁਕਤ ਹੋਣ ਤੋਂ ਬਾਅਦ ਸੀਆਈਐੱਸਐੱਫ ਵਿੱਚੋਂ ਸੇਵਾਮੁਕਤ ਹੋਏ। ਪਾਕਿਸਤਾਨ ਵਿਚ ਰਹਿੰਦੇ ਯਾਰ ਬਸ਼ੀਰ ਤੇ ਹੋਰ ਦੋਸਤਾਂ ਦੇ ਮੋਹ ਦੀ ਖਿੱਚ ਕਾਰਨ ਉਹ ਪਿਛਲੇ ਸਮੇਂ ਦੌਰਾਨ ਵੀਜ਼ਾ ਲਵਾ ਕੇ ਓਧਰ ਗਏ। ਉਥੇ ਪੁਸ਼ਤੈਨੀ ਘਰ ਵੇਖਿਆ, ਯਾਰਾਂ ਦੋਸਤਾਂ ਨੂੰ ਮਿਲ ਕੇ ਆਇਆ ਹਾਂ। ਉਹ ਯਾਦਾਂ ਅੱਜ ਵੀ ਚੇਤੇ ਆਉਂਦੀਆਂ ਰਹਿੰਦੀਆਂ ਹਨ।

Posted By: Jagjit Singh