ਸੁਰਿੰਦਰ ਮਹਾਜਨ, ਪਠਾਨਕੋਟ : ਪੰਜਾਬ 'ਚ ਲੋਕ ਸਭਾ ਚੋਣ ਲਈ ਵੋਟਿੰਗ 19 ਮਈ ਨੂੰ ਹੋ ਰਹੀ ਹੈ। ਜ਼ਿਲ੍ਹਾ ਪਠਾਨਕੋਟ ਦੇ ਨਾਲ ਲੱਗਦੇ ਜ਼ਿਲ੍ਹਾ ਕਠੂਆ ਦੇ ਜਾਅਲੀ ਅਤੇ ਦੋਹਰੀਆਂ ਵੋਟਾਂ ਬਣਵਾ ਕੇ ਬੈਠੇ ਲੋਕ ਇਸ ਵਾਰ ਆਪਣੇ ਮਨਸੂਬਿਆਂ 'ਚ ਕਾਮਯਾਬ ਨਹੀਂ ਹੋ ਸਕਣਗੇ ਕਿਉਂਕਿ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਠਾਨਕੋਟ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹਾ ਕਠੂਆ ਜਿਥੇ ਚੋਣਾਂ ਨੇਪੜੇ ਚੜ੍ਹ ਚੁਕੀਆਂ ਹਨ ਤੋਂ ਵੋਟਰ ਸੂਚੀਆਂ ਆਪਣੇ ਕੋਲ ਮੰਗਵਾ ਲਈਆਂ ਹਨ ਤਾਂ ਜੋ ਜਿਹੜੇ ਵੋਟਰ ਲੋਕ ਸਭਾ ਚੋਣ 'ਚ ਜ਼ਿਲ੍ਹਾ ਕਠੂਆ 'ਚ ਵੋਟਾਂ ਪਾ ਚੁੱਕੇ ਹਨ। ਉਹ ਦੁਬਾਰਾ ਪੰਜਾਬ 'ਚ ਵੋਟ ਨਾ ਭੁਗਤਾ ਸਕਣ। ਪਠਾਨਕੋਟ ਅਤੇ ਜ਼ਿਲ੍ਹਾ ਕਠੁਆ ਜਿਸ ਦੇ ਬਾਰਡਰ ਇਕ ਦੂਜੇ ਨਾਲ ਸਾਂਝੇ ਹਨ ਅਤੇ ਭੂਗੋਲਿਕ ਸਥਿਤੀਆਂ ਵੀ ਕੁਝ ਇਸ ਤਰ੍ਹਾਂ ਦੀਆਂ ਹਨ, ਦੇ ਖੇਤਰਾਂ 'ਚ ਬਣੀਆਂ ਦੋਹਰੀਆਂ ਵੋਟਾਂ ਦੇ ਮਸਲੇ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਸੀ। ਇਸ ਪਿੱਛੋਂ ਦੋਨਾਂ ਸੂਬਿਆਂ ਦੀਆਂ ਸਰਕਾਰਾਂ ਹਰਕਤ 'ਚ ਆਈਆਂ ਅਤੇ ਪੰਜਾਬ, ਜੰਮੂ-ਕਸ਼ਮੀਰ ਅਤੇ ਹਿਮਾਚਲ ਦੇ ਸਬੰਧਿਤ ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ ਸਮੇਤ ਪੁਲਿਸ ਪ੍ਰਸ਼ਾਸਨ ਦੀ ਉੱਚ ਪੱਧਰੀ ਬੈਠਕ ਪਠਾਨਕੋਟ ਵਿਚ ਰੱਖੀ ਗਈ ਜਿਸ 'ਚ ਡੀਸੀ ਪਠਾਨਕੋਟ ਕਠੂਆ, ਚੰਬਾ ਤੇ ਕਾਂਗੜਾ ਸਮੇਤ ਪੁਲਿਸ ਦੇ ਉੱਚ ਅਧਿਕਾਰੀ ਸ਼ਾਮਲ ਹੋਏ। ਮਾਮਲੇ ਦੀ ਗੰਭੀਰਤਾ ਨੂੰ ਮਹਿਸੂਸ ਕਰਦੇ ਹੋਏ ਇਨ੍ਹਾਂ ਅਧਿਕਾਰੀਆਂ ਵੱਲੋਂ ਇਕੱਠਿਆਂ ਮਿਲ ਕੇ ਇਸ ਮਾਮਲੇ ਨੂੰ ਹੱਲ ਕਰਨ ਦੀ ਸਹਿਮਤੀ ਬਣੀ। ਇਨ੍ਹਾਂ ਦੋਹਰੀਆਂ ਵੋਟਾਂ ਬਣਾਉਣ ਅਤੇ ਬਣਵਾਉਣ ਵਾਲਿਆਂ ਖ਼ਿਲਾਫ਼ ਕੀ ਕਾਰਵਾਈ ਹੋਵੇਗੀ, ਕਦੋਂ ਹੋਵੇਗੀ, ਹੋਵੇਗੀ ਜਾਂ ਨਹੀਂ। ਇਸ ਬਾਰੇ ਅਜੇ ਤਕ ਕੁਝ ਵੀ ਸਪੱਸ਼ਟ ਨਹੀਂ। ਦੋਹਰੀਆਂ ਵੋਟਾਂ ਦੀ ਬਿਮਾਰੀ ਕੇਵਲ ਪਠਾਨਕੋਟ ਦੀ ਨਹੀਂ ਇਹ ਉਨ੍ਹਾਂ ਸਾਰੇ ਜ਼ਿਲਿ੍ਹਆਂ ਦੀ ਹੈ ਜਿਨ੍ਹਾਂ ਦੀਆਂ ਹੱਦਾਂ ਦੂਜੇ ਸੂਬੇ ਨਾਲ ਲੱਗਦੀਆਂ ਹਨ। ਸਿਆਸੀ ਪਾਰਟੀਆਂ ਦੀ ਵੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਜਾਤੀ ਹਿੱਤਾਂ ਕਾਰਨ ਦੋਹਰੀਆਂ ਵੋਟਾਂ ਬਣਵਾਉਣ ਨੂੰ ਤਰਜੀਹ ਨਾ ਦੇਣ।