ਆਕਾਸ਼, ਗੁਰਦਾਸਪੁਰ : ਪੰਜਾਬ ਭਰ ਵਿਚੋਂ ਜ਼ਿਲ੍ਹਾ ਗੁਰਦਾਸਪੁਰ ਨੂੰ ‘ਸਿਹਤ ਸੇਵਾਵਾਂ ਦੇ ਖੇਤਰ ਵਿਚ ਬਿਹਤਰ ਸੁਧਾਰ’ ਲਈ ਸਰਬੋਤਮ ਜ਼ਿਲ੍ਹੇ ਵਜੋਂ ਐਵਾਰਡ ਨਾਲ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ ਸਨਮਾਨਿਤ ਕੀਤਾ ਗਿਆ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਵਿਪੁਲ ਉਜਵਲ ਨੇ ਦੱਸਿਆ ਕਿ ਬੀਤੇ ਕੱਲ੍ਹ ਚੰਡੀਗੜ੍ਹ ਵਿਖੇ ‘ਇੰਡੀਆ ਟੂਡੇ ਗਰੁੱਪ’ ਵਲੋਂ ‘ਦ ਸਟੇਟ ਆਫ ਦ ਸਟੇਟ ਕਨਕਲੇਵ’ ਕਰਵਾਈ ਗਈ ਸੀ, ਜਿਸ ਵਿਚ ਗੁਰਦਾਸਪੁਰ ਜ਼ਿਲ੍ਹੇ ਨੂੰ ਇਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ‘ਇੰਡੀਆ ਟੂਡੇ ਗਰੁੱਪ’ ਵਲੋਂ ਰਾਜ ਭਰ ਵਿਚ ਸਿਹਤ ਸੇਵਾਵਾਂ ਦੇ ਖੇਤਰ ਵਿਚ ਸੁਧਾਰ ਅਤੇ ਸਕੀਮਾਂ ਆਦਿ ਸਰਵੇਖਣ ਕਰਨ ਤੋਂ ਬਾਅਦ ਸਰਬੋਤਮ ਜ਼ਿਲ੍ਹੇ ਦੀ ਚੋਣ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਗੁਰਦਾਸਪੁਰ ਵਲੋਂ ਸਿਹਤ ਸੇਵਾਵਾਂ ਦੇ ਖੇਤਰ ਵਿਚ ਬਿਹਤਰ ਕੰਮ ਕੀਤੇ ਗਏ ਹਨ ਜਿਵੇਂ ਕਿ ਸਵੱਛ ਭਾਰਤ ਯਾਤਰਾ-ਤੰਦਰੁਸਤ ਪੰਜਾਬ ਜੋ ਪੂਰੇ ਭਾਰਤ ਵਿਚ ਚੱਲੀ ਸੀ। ਪੂਰੇ ਦੇਸ਼ ਵਿਚੋਂ ਯਾਤਰਾ ਸਬੰਧੀ ਬਟਾਲਾ ਸ਼ਹਿਰ ਦੀ ਵੀ ਚੋਣ ਕੀਤੀ ਗਈ ਸੀ ਤੇ ਸਿਹਤ ਵਿਭਾਗ ਨੂੰ ਨਵੀਂ ਦਿੱਲੀ ਵਿਖੇ ਕਰਵਾਏ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ ਸੀ। ਸਿਹਤ ਵਿਭਾਗਾਂ ਵਲੋਂ ਪਿੰਡ ਪੱਧਰ 'ਤੇ ‘ਦਿਵਿਆਂਗ’ ਲੋਕਾਂ ਦੀ ਸਹੂਲਤ ਲਈ ਸਪੈਸ਼ਲ ਕੈਂਪ ਲਗਾਏ ਹਨ ਤੇ ਉਨਾਂ ਨੂੰ ਹੈਂਡੀਕੈਪਡ ਸਰਟੀਫਿਕੇਟ ਬਣਾ ਕੇ ਦਿੱਤੇ ਗਏ ਤੇ ਜਿਸ ਕਿਸੇ ਦੀ ਵੋਟ ਨਹੀਂ ਸੀ ਬਣੀ, ਉਸ ਦੀ ਵੋਟ ਵੀ ਬਣਾਈ ਗਈ ਹੈ।

ਡਿਪਟੀ ਕਮਿਸ਼ਨਰ ਵਿਪੁਲ ਉਜਵਲ ਦੀ ਤਰਫੋਂ ਚੰਡੀਗੜ੍ਹ ਵਿਖੇ ਕਰਵਾਏ ਗਏ ਸਮਾਗਮ ਵਿਚ ਵਧੀਕ ਡਿਪਟੀ ਕਮਿਸ਼ਨਰ ਸੁਭਾਸ਼ ਚੰਦਰ ਸ਼ਾਮਿਲ ਹੋਏ ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਐਵਾਰਡ ਹਾਸਿਲ ਕੀਤਾ।

Posted By: Seema Anand