ਸ਼ਾਮ ਸਿੰਘ ਘੁੰਮਣ, ਦੀਨਾਨਗਰ : ਪੀਸੀਐੱਸ ਅਧਿਕਾਰੀ ਵਜੋਂ ਸਿੱਖਿਆ ਯੋਗਤਾਵਾਂ ਵਿਚ ਉਣਤਾਈਆਂ ਕਾਰਨ ਦੀਨਾਨਗਰ ਦੇ ਐੱਸਡੀਐੱਮ ਰਮਨ ਕੋਛੜ ਨੂੰ ਪੰਜਾਬ ਸਰਕਾਰ ਨੇ ਐੱਸਡੀਐੱਮ ਦੇ ਅਹੁਦੇ ਤੋਂ ਹਟਾ ਕੇ ਪਿੱਤਰੀ ਵਿਭਾਗ ਪੰਜਾਬ ਸਿਵਲ ਸਕੱਤਰੇਤ ਵਿਚ ਸੀਨੀਅਰ ਸਹਾਇਕ ਦੇ ਅਹੁਦੇ 'ਤੇ ਵਾਪਸ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਰਮਨ ਕੋਛੜ ਦੀ ਪੀਸੀਐੱਸ ਵਜੋਂ ਹੋਈ ਚੋਣ ਵੀ ਰੱਦ ਕਰ ਦਿੱਤੀ ਗਈ ਹੈ। ਇਸ ਮਗਰੋਂ ਦੀਨਾਨਗਰ ਦੇੇ ਐੱਸਡੀਐੱਮ ਰਮਨ ਕੋਛੜ ਦੀ ਥਾਂ 'ਤੇ ਹੁਣ ਗੁਰਦਾਸਪੁਰ ਦੇ ਐੱਸਡੀਐੱਮ ਸਕੱਤਰ ਸਿੰਘ ਬੱਲ ਨੂੰ ਦੀਨਾਨਗਰ ਦਾ ਵਾਧੂ ਕਾਰਜਭਾਰ ਸੌਂਪ ਦਿੱਤਾ ਗਿਆ ਹੈ।

ਰਮਨ ਕੁਮਾਰ ਕੋਛੜ ਪੀਸੀਐੱਸ ਦੀ ਨਿਯੁਕਤੀ ਤੋਂ ਪਹਿਲਾਂ ਪੰਜਾਬ ਸਿਵਲ ਸਕੱਤਰੇਤ ਵਿਚ ਬਤੌਰ ਸੀਨੀਅਰ ਸਹਾਇਕ ਤਾਇਨਾਤ ਸਨ। ਉਨ੍ਹਾਂ ਨੂੰ ਸਾਲ 2016 ਵਿਚ ਪੰਜਾਬ ਸਿਵਲ ਸਰਵਿਸਜ਼ ਕਮਿਸ਼ਨ ਦੀ ਸਿਫਾਰਸ਼ 'ਤੇ ਪੀਸੀਐੱਸ ਐਗਜ਼ੀਕਿਊਟਿਵ ਬ੍ਰਾਂਚ ਵਿਚ ਤਾਇਨਾਤ ਕੀਤਾ ਗਿਆ ਸੀ।

ਦੱਸਣਯੋਗ ਹੈ ਕਿ ਰਮਨ ਕੋਛੜ ਦੀ ਪੀਸੀਐੱਸ ਵਜੋਂ ਨਿਯੁਕਤੀ ਵਿਰੁੱਧ ਸਾਲ 2016 ਵਿਚ ਪ੍ਰੋਮਿਲਾ ਸ਼ਰਮਾ ਨਾਂ ਦੀ ਇਕ ਮਹਿਲਾ ਨੇ ਸਿੱਖਿਆ ਯੋਗਤਾਵਾਂ 'ਚ ਉਣਤਾਈਆਂ ਦੇ ਹਵਾਲੇ ਨਾਲ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਰਿਟ ਪਟੀਸ਼ਨ ਦਾਇਰ ਕਰ ਦਿੱਤੀ ਸੀ। ਇਸ ਮਗਰੋਂ ਮਾਮਲਾ ਕਾਨੂੰਨੀ ਪੇਚੀਦਗੀਆਂ ਵਿਚ ਫਸ ਗਿਆ ਅਤੇ ਚਾਰ ਸਾਲ ਤਕ ਰਮਨ ਕੋਛੜ ਪੀਸੀਐੱਸ ਵਜੋਂ ਪੰਜਾਬ ਅੰਦਰ ਵੱਖ-ਵੱਖ ਥਾਵਾਂ 'ਤੇ ਕੰਮ ਕਰਦੇ ਰਹੇ।

ਹੁਣ ਬੀਤੀ 5 ਅਕਤੂਬਰ ਨੂੰ ਪੰਜਾਬ ਸਰਕਾਰ ਦੇ ਪਰਸੋਨਲ ਵਿਭਾਗ ਨੇ ਇਕ ਪੱਤਰ ਜਾਰੀ ਕਰਕੇ ਰਮਨ ਕੋਛੜ ਨੂੰ ਪੀਸੀਐੱਸ ਦੇ ਅਹੁਦੇ ਤੋਂ ਹਟਾ ਕੇ ਪਿੱਤਰੀ ਵਿਭਾਗ ਵਿਚ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ ਸਨ ਪਰ ਹੁਕਮਾਂ ਦੇ ਲਾਗੂ ਹੋਣ ਵਿਚ ਦੱਸ ਦਿਨ ਦਾ ਸਮਾਂ ਮਿਲ ਜਾਣ ਕਾਰਨ ਰਮਨ ਕੋਛੜ ਇਕ ਵਾਰ ਮੁੜ ਤੋਂ ਪੰਜਾਬ ਸਰਕਾਰ ਖ਼ਿਲਾਫ਼ ਹਾਈ ਕੋਰਟ ਦੀ ਸ਼ਰਨ ਵਿਚ ਪਹੁੰਚ ਗਏ ਪਰ ਇਸ ਵਾਰ ਵੀ ਉਹ ਅਸਫਲ ਰਹੇ। ਹਾਈ ਕੋਰਟ ਨੇ ਰਮਨ ਕੋਛੜ ਦੀ ਅਪੀਲ ਖਾਰਜ ਕਰ ਦਿੱਤੀ।

ਦੱਸਣਯੋਗ ਹੈ ਕਿ ਬਿਨਾਂ ਗ੍ਰੈਜੂਏਸ਼ਨ ਡਿਗਰੀ ਦੇ ਪੀਸੀਐੱਸ ਬਣੇ ਰਮਨ ਕੋਛੜ ਨੇ ਆਪਣੀ ਪੀਸੀਐੱਸ ਦੀ ਨਿਯੁਕਤੀ ਸਮੇਂ ਅੰਨਾਮਲਾਈ ਯੂਨੀਵਰਿਸਟੀ ਤਾਮਿਲਨਾਡੂ ਤੋਂ ਡਿਸਟੈਂਸ ਲਰਨਿੰਗ ਜ਼ਰੀਏ ਸਾਲ 2003-05 ਦੌਰਾਨ ਪ੍ਰਰਾਪਤ ਕੀਤੀ ਐੱਮਏ ਇਤਿਹਾਸ ਦੀ ਮਾਸਟਰ ਡਿਗਰੀ ਤਾਂ ਜਮ੍ਹਾਂ ਕਰਵਾ ਦਿੱਤੀ ਪਰ ਉਹ ਗ੍ਰੈਜੂਏਸ਼ਨ ਦੀ ਬੇਸਿਕ ਫਸਟ ਡਿਗਰੀ ਜਮ੍ਹਾਂ ਨਹੀਂ ਕਰਵਾ ਸਕੇ।

ਅਯੋਗ ਅਧਿਕਾਰੀ ਵੱਲੋਂ ਲਏ ਗਏ ਫੈਸਲੇ ਰੱਦ ਹੋਣ : ਕੁੰਡਲ

ਇਸ ਸਬੰਧੀ ਭਾਜਪਾ ਐੱਸਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਰਿਟਾ. ਨਾਇਬ ਤਹਿਸੀਲਦਾਰ ਯਸ਼ਪਾਲ ਕੁੰਡਲ ਨੇ ਕਿਹਾ ਕਿ ਇਕ ਅਯੋਗ ਅਧਿਕਾਰੀ ਵੱਲੋਂ ਆਪਣੇ ਕਾਰਜਕਾਰਨ ਦੌਰਾਨ ਲਏ ਗਏ ਫੈਸਲਿਆਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਸਿੱਖਿਆ ਯੋਗਤਾ ਦੀ ਘਾਟ ਦੇ ਬਾਵਜੂਦ ਉਹ ਪੀਸੀਐੱਸ ਅਧਿਕਾਰੀ ਕਿਵੇਂ ਬਣ ਗਏ ਇਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ।