ਆਕਾਸ਼/ਕੁਲਦੀਪ ਜਾਫਲਪੁਰ, ਗੁਰਦਾਸਪੁਰ : ਸਮੁੱਚੇ ਪੰਜਾਬ ਵਿੱਚ ਸਿੱਖ ਜਥੇਬੰਦੀਆਂ ਅਤੇ ਗਰਮਖਿਆਲੀ ਸਿੱਖ ਆਗੂਆਂ ਵੱਲੋਂ ਅੱਜ 25 ਜਨਵਰੀ ਨੂੰ ਬੰਦ ਦਾ ਸੱਦਾ ਦਿੱਤਾ ਗਿਆ ਹੈ। ਸਿੱਖ ਜਥੇਬੰਦੀਆਂ ਵੱਲੋਂ ਇਹ ਬੰਦ ਦਾ ਸੱਦਾ ਸਿੱਖਾਂ ਅਤੇ ਘੱਟ ਗਿਣਤੀ ਲੋਕਾਂ ਨਾਲ ਹੋ ਰਹੀਆਂ ਸੰਵਿਧਾਨਿਕ ਵਧੀਕੀਆਂ ਅਤੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਦੇ ਮੱਦੇਨਜ਼ਰ ਦਿੱਤਾ ਗਿਆ ਹੈ। ਇਸ ਸੱਦੇ ਨੂੰ ਲੈ ਕੇ ਸਿੱਖ ਜਥੇਬੰਦੀਆਂ ਵੱਲੋਂ ਬਕਾਇਦਾ ਤੌਰ ਤੇ ਪ੍ਰੈੱਸ ਕਾਨਫਰੰਸ ਅਤੇ ਮੀਟਿੰਗਾਂ ਕਰਕੇ ਮੀਡੀਆ ਦੇ ਵੱਖ ਵੱਖ ਮਾਧਿਅਮਾਂ ਰਾਹੀਂ ਆਮ ਲੋਕਾਂ ਨੂੰ 25 ਜਨਵਰੀ ਨੂੰ ਸਮੁੱਚਾ ਪੰਜਾਬ ਬੰਦ ਰੱਖਣ ਦੀ ਅਪੀਲ ਕੀਤੀ ਗਈ ਹੈ। ਦੂਜੇ ਪਾਸੇ ਇਸ ਬੰਦ ਦੇ ਵਿਰੋਧ ਵਿੱਚ ਕਈ ਹਿੰਦੂ ਜਥੇਬੰਦੀਆਂ ਸਾਹਮਣੇ ਆਈਆਂ ਹਨ ਅਤੇ ਉਨ੍ਹਾਂ ਨੇ ਅੱਜ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਇਸ ਬਾਰੇ ਮੰਗ ਪੱਤਰ ਵੀ ਸੌਂਪਿਆ।

ਸਿੱਖ ਜਥੇਬੰਦੀਆਂ ਵੱਲੋਂ ਜਿੰਨ੍ਹਾਂ ਮੁੱਖ ਮੁੱਦਿਆਂ ਦੇ ਬੰਦ ਦਾ ਸੱਦਾ ਦਿੱਤਾ ਗਿਆ ਹੈ ਉਨ੍ਹਾਂ ਵਿੱਚ ਜੰਮੂ ਕਸ਼ਮੀਰ ਵਿੱਚ ਧਾਰਾ 370 ਨੂੰ ਤੋੜਨਾ, ਨਾਗਰਿਕਤਾ ਸੋਧ ਕਾਨੂੰਨ ,ਵੱਖ ਵੱਖ ਯੂਨੀਵਰਸਿਟੀਆਂ ਚ ਵਿਦਿਆਰਥੀਆਂ ਤੇ ਪੁਲਿਸ ਤਸ਼ੱਦਦ ਅਤੇ ਬਾਹਰੀ ਗੁੰਡਿਆਂ ਵੱਲੋਂ ਕੀਤੇ ਕਾਤਲਾਨਾ ਹਮਲੇ, ਐਨਆਰਸੀ ਅਤੇ ਪੀਐੱਨਆਰ ਆਦਿ ਵਰਗੇ ਕਾਨੂੰਨ ਸ਼ਾਮਲ ਹਨ। ਦੂਜੇ ਪਾਸੇ ਇਸ ਦੇ ਜਵਾਬ ਵਿੱਚ ਵੱਖ ਵੱਖ ਹਿੰਦੂ ਸੰਗਠਨਾਂ ਵੱਲੋਂ ਸਿੱਖ ਜਥੇਬੰਦੀਆਂ ਦੇ ਬੰਦ ਦੇ ਸੱਦੇ ਨੂੰ ਗੈਰਵਾਜਬ ਅਤੇ ਗੈਰ ਕਾਨੂੰਨੀ ਦੱਸਿਆ ਜਾ ਰਿਹਾ ਹੈ। ਇਸ ਸੰਬੰਧੀ ਵੱਖ ਵੱਖ ਹਿੰਦੂ ਸੰਗਠਨਾਂ ਸ਼ਿਵ ਸੈਨਾ ਆਦਿ ਵੱਲੋਂ ਡੀਸੀ ਗੁਰਦਾਸਪੁਰ ਨੂੰ ਲਿਖਤੀ ਮੰਗ ਪੱਤਰ ਦਿੱਤਾ ਗਿਆ ਹੈ। ਉਹਨਾਂ ਦਾ ਤਰਕ ਹੈ ਧਾਰਾ 370 ਅਤੇ ਰਾਮ ਮੰਦਿਰ ਦੇ ਮੁੱਦੇ ਸੰਵਿਧਾਨਕ ਮੁੱਦੇ ਹਨ ਜੋ ਕਿ ਸੁਪਰੀਮ ਕੋਰਟ ਅਤੇ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਹਨ। ਪਰ ਮੋਦੀ ਸਰਕਾਰ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਅਤੇ ਹੋਰ ਕਾਨੂੰਨਾਂ ਬਾਰੇ ਆਪਸੀ ਵਿਚਾਰ ਕਰਨ ਦੀ ਲੋੜ ਹੈ, ਨਾ ਕਿ ਬੰਦ ਵਰਗੇ ਸੱਦੇ ਦੇ ਕੇ ਪੰਜਾਬ ਦੇ ਮਾਹੌਲ ਨੂੰ ਖਰਾਬ ਕੀਤਾ ਜਾਵੇ। ਇਸ ਤਰ੍ਹਾਂ ਬੰਦ ਦੇ ਸਮਰਥਣ ਵਿੱਚ ਸਿੱਖ ਜਥੇਬੰਦੀਆਂ ਅਤੇ ਹਿੰਦੂ ਜਥੇਬੰਦੀਆਂ ਦੇ ਵੱਖ-ਵੱਖ ਸਟੈਂਡ ਹੋਣ ਕਾਰਨ ਫਿਲਹਾਲ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ ਪਰ ਸਿਵਲ ਤੇ ਪੁਲਿਸ ਪ੍ਰਸ਼ਾਸਨ ਹਾਲਾਤ ਤੇ ਪੂਰੀ ਤਰ੍ਹਾਂ ਨਜ਼ਰ ਰੱਖ ਰਹੇ ਹਨ। ਜਿਕਰਯੋਗ ਹੈ ਕਿ ਸਾਲ 2012 ਵਿਚ ਵੀ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੇਣ ਮੌਕੇ ਵੀ ਸਿੱਖ ਜਥੇਬੰਦੀਆਂ ਅਤੇ ਹੋਰ ਸਿੱਖ ਸੰਸਥਾਵਾਂ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ। ਉਸ ਦੌਰਾਨ ਵੀ ਗੁਰਦਾਸਪੁਰ ਵਿੱਚ ਸ਼ਿਵ ਸੈਨਾ ਅਤੇ ਹੋਰ ਹਿੰਦੂ ਜਥੇਬੰਦੀਆਂ ਵੱਲੋਂ ਸਿੱਖ ਜਥੇਬੰਦੀਆਂ ਦੇ ਬੰਦ ਦਾ ਵਿਰੋਧ ਕੀਤਾ ਗਿਆ ਸੀ ਜਿਸ ਕਾਰਨ ਸ਼ਹਿਰ ਵਿੱਚ ਭਾਰੀ ਤਣਾਅ ਪੈਦਾ ਹੋ ਗਿਆ ਸੀ। ਇੱਥੇ ਹੀ ਬੱਸ ਨਹੀਂ ਪੁਲਿਸ ਵੱਲੋਂ ਬੰਦ ਦੇ ਹਮਾਇਤੀ ਸਿੱਖ ਨੌਜਵਾਨਾਂ ਉੱਪਰ ਕੀਤੀ ਫਾਇਰਿੰਗ ਵਿੱਚ ਜਸਪਾਲ ਸਿੰਘ ਚੌੜ ਸਿਧਵਾਂ ਦੀ ਮੌਤ ਹੋ ਗਈ ਸੀ। ਕੁੱਝ ਸਾਲ ਪੁਰਾਣੇ ਇਤਿਹਾਸ ਨੂੰ ਦੇਖਦੇ ਹੋਏ ਪ੍ਰਸ਼ਾਸਨ ਕੋਈ ਵੀ ਢਿੱਲ ਵਰਤਣ ਨੂੰ ਤਿਆਰ ਨਹੀਂ।

ਕੀ ਕਹਿੰਦੇ ਹਨ ਗੁਰਦਾਸਪੁਰ ਦੇ ਐਸਐਸਪੀ

ਇਸ ਸਬੰਧੀ ਜਦੋਂ ਜ਼ਿਲ੍ਹਾ ਪੁਲਿਸ ਕਪਤਾਨ ਗੁਰਦਾਸਪੁਰ ਸਵਰਨਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਕਿਸੇ ਵੀ ਧਿਰ ਨੂੰ ਕਾਨੂੰਨ ਹੱਥਾਂ ਵਿੱਚ ਲੈਣ ਦੀ ਇਜਾਜ਼ਤ ਨਹੀਂ ਦੇਵੇਗਾ। ਇਸ ਲਈ ਪੁਲਿਸ ਵੱਲੋਂ ਸੰਭਾਵੀ ਹਾਲਾਤ ਨੂੰ ਮੁੱਖ ਰੱਖਦੇ ਹੋਏ ਸ਼ਹਿਰ ਵਿਚ ਚੱਪੇ ਚੱਪੇ ਤੇ ਪੁਲਿਸ ਤਾਇਨਾਤ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਉਨ੍ਹਾਂ ਵੱਲੋਂ 24 ਜਨਵਰੀ ਦੀ ਸ਼ਾਮ ਨੂੰ ਸਿਵਲ ਪ੍ਰਸ਼ਾਸਨ ਅਤੇ ਇਸ ਬੰਦ ਵਿੱਚ ਸ਼ਾਮਲ ਅਤੇ ਵਿਰੋਧ ਵਾਲੀਆਂ ਜਥੇਬੰਦੀਆਂ ਨਾਲ ਵੀ ਤਾਲਮੇਲ ਕੀਤਾ ਜਾ ਰਿਹਾ ਹੈ। ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਉਨ੍ਹਾਂ ਨੇ ਕਿਹਾ ਕਿ ਪੁਲਸ ਪ੍ਰਸ਼ਾਸਨ ਜ਼ਿਲ੍ਹੇ ਵਿੱਚ ਚੱਪੇ ਚੱਪੇ ਤੇ ਸੁਰੱਖਿਆ ਪ੍ਰਬੰਧਾਂ ਤੇ ਨਜ਼ਰ ਰੱਖੀ ਜਾ ਰਹੀ ਹੈ।

Posted By: Seema Anand