ਆਕਾਸ਼, ਗੁਰਦਾਸਪੁਰ

ਆਸ਼ਾ ਵਰਕਰਜ ਅਤੇ ਫੈਸੀਲੀਟੇਟਰਜ ਯੂਨੀਅਨ ਪੰਜਾਬ ਦੇ ਸੱਦੇ ਤੇ ਆਸਾ ਵਰਕਰਜ ਅਤੇ ਫੈਸੀਲੀਟੇਟਰਜ ਵਲੋਂ ਘਰ ਘਰ ਸਰਵੇਖਣ ਅਤੇ ਕੋਵਿਡ19 ਦੀ ਮਹਾਂਮਾਰੀ ਸੈਂਪਲ ਕਰਵਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਅਤੇ ਹੋਰ ਬਣਦੇ ਕੰਮਾਂ ਦਾ ਬਾਈਕਾਟ ਹੋਣ ਨਾਲ ਸਿਹਤ ਵਿਭਾਗ ਦਾ ਤੀਸਰੇ ਦਿਨ ਵੀ ਕੰਮ ਠੱਪ ਰਿਹਾ। ਤੀਜੇ ਦਿਨ ਵੀ ਪਰਮਜੀਤ ਕੌਰ ਮਾਨ ਅਤੇ ਅਮਰਜੀਤ ਕੌਰ ਕੰਮਿਆਣਾ ਦੀ ਅਗਵਾਈ ਹੇਠ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਦੇ ਸਬ ਸੈਂਟਰਾਂ ਤੇ ਰੋਸ ਪ੍ਰਦਰਸਨ ਕੀਤੇ ਗਏ ਜਿਸ ਦੇ ਸਿੱਟੇ ਵਜੋਂ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਆਪਣੀ ਗਲਤੀ ਸੁਧਾਰ ਦਿਆਂ ਘਰ ਘਰ ਸਰਵੇਖਣ ਦੇ ਬਣਦੇ ਕੰਮਾਂ ਦੇ ਮਿਹਨਤਾਨੇ ਦਾ ਹਫਤਾਵਾਰੀ ਬਜਟ ਜਾਰੀ ਕਰ ਦਿੱਤਾ ਹੈ। ਆਸ਼ਾ ਵਰਕਰ ਅਤੇ ਫੈਸੀਲੀਲੇਟਰ ਯੂਨੀਅਨ ਪੰਜਾਬ ਦੀ ਸੂਬਾਈ ਮੀਟਿੰਗ ਐਤਵਾਰ ਨੂੰ ਆਨ ਲਾਈਨ ਕੀਤੀ ਜਾ ਰਹੀ ਹੈ ਜਿਸ ਵਿਚ ਤਿੰਨ ਰੋਜਾ ਹੜਤਾਲ ਦਾ ਜਾਇਜਾ ਲਿਆ ਜਾਵੇਗਾ ਅਤੇ ਪੰਜਾਬ ਸਰਕਾਰ ਤੇ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਦਬਾਅ ਬਣਾਉਣ ਲਈ ਹੋਰ ਤਿੱਖਾ ਸੰਘਰਸ਼ ਉਲੀਕਣ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ। ਦੋ ਦਿਨ ਤੋਂ ਸਾਰੇ ਕੰਮਾ ਦਾ ਬਾਈਕਾਟ ਹੋਣ ਕਰਕੇ ਆਸ਼ਾ ਵਰਕਰਾਂ ਵੱਲੋਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ 45 ਕਿਸਮ ਦੇ ਕੰਮਾਂ ਵਿਚ ਖੜੋਤ ਆਈ ਹੈ। ਆਸਾ ਵਰਕਰਾਂ ਨੂੰ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਤੇ ਗਿਲਾ ਹੈ ਕਿ ਇੱਕ ਪਾਸੇ ਉਹਨਾਂ ਨੂੰ ਸਿਹਤ ਵਿਭਾਗ ਦੀ ਰੀੜ੍ਹ ਦੀ ਹੱਡੀ ਕਹਿਕੇ ਵਡਿਆਇਆ ਜਾਂਦਾ ਹੈ ਪਰ ਵਰਕਰਾਂ ਦੇ ਮਾਣ-ਸਤਿਕਾਰ ਨੂੰ ਬਹਾਲ ਕਰਨ ਲਈ ਕੋਈ ਵਿਸ਼ੇਸ਼ ਉਪਰਾਲਾ ਨਹੀਂ ਕੀਤਾ। 24 ਘੰਟੇ ਤਿਆਰ ਬਰ ਤਿਆਰ ਰਹਿਣ ਵਾਲੀਆਂ ਆਸ਼ਾ ਵਰਕਰਾਂ ਨੂੰ ਦੋ ਡੰਗ ਦੀ ਰੋਟੀ ਜਿਤਨਾ ਮਾਣ ਭੱਤਾ ਨਹੀਂ ਦਿੱਤਾ ਜਾ ਰਿਹਾ। ਗੁਰਦਾਸਪੁਰ ਜ਼ਿਲ੍ਹੇ ਦੀਆਂ ਰਾਜਵਿੰਦਰ ਕੌਰ ਤੇ ਬਲਵਿੰਦਰ ਕੌਰ ਅਲੀਸ਼ੇਰ, ਗੁਰਵਿੰਦਰ ਕੌਰ ਬਹਿਰਾਮਪੁਰ, ਅੰਚਲ ਮੱਟੂ ਬਟਾਲਾ, ਪ੍ਰਭਜੋਤ ਕੌਰ ਭਾਮ, ਮੀਰਾ ਕਾਹਨੂੰਵਾਨ ਆਗੂਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਾਡੀਆਂ ਮੰਗਾਂ ਤੇ ਧਿਆਨ ਨਾ ਦਿੱਤਾ ਤਾਂ ਉਹ ਸੜਕਾਂ ਤੇ ਉਤਰਨ ਲਈ ਮਜਬੂਰ ਹੋਣਗੀਆਂ। ਅਤੇ ਹੋਰਨਾਂ ਮੁਲਾਜਮ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਘਰਸ਼ ਨੂੰ ਤੇਜ ਕਰਕੇ ਆਪਣੇ ਹੱਕਾਂ ਦੀ ਰਾਖੀ ਕਰਨਗੀਆਂ ਅੱਜ ਦੇ ਤੀਜੇ ਦਿਨ ਦੀ ਹੜਤਾਲ ਵਿੱਚ ਸਬ ਅਰਬਨ ਗੁਰਦਾਸਪੁਰ-ਸਬ ਸੈਂਟਰਾਂ ਤੇ ਏਕਤਾ ਮੋਨਿਕਾ, ਕਮਲੇਸ਼ ਕੁਮਾਰੀ, ਬਬੀਤਾ, ਅੰਜੂ, ਪਰਮਜੀਤ ਕੌਰ, ਸੁਦੇਸ਼ ਕੁਮਾਰੀ ਇਸਲਾਮਾਬਾਦ, ਉਰਮਿਲਾ ਅਤੇ ਅਮਰਜੀਤ ਸ਼ਾਸਤਰੀ ਸੂਬਾ ਆਗੂ ਡੈਮੋਕ੍ਰੇਟਿਕ ਮੁਲਾਜਮ ਫੈਡਰੇਸ਼ਨ ਨੇ ਸੰਬੋਧਨ ਕੀਤਾ।