ਆਕਾਸ਼, ਗੁਰਦਾਸਪੁਰ : ਕੋਵਿਡ-19 (ਕੋਰੋਨਾ ਵਾਇਰਸ) ਦੀ ਬਿਮਾਰੀ ਦੇ ਖਤਰੇ ਨੂੰ ਵੇਖਦਿਆਂ ਸਰਕਾਰੀ ਸਿਹਤ ਸੰਸਥਾਵਾਂ 'ਤੇ ਕੰਮ ਦਾ ਬੋਝ ਘੱਟ ਕਰਨ ਲਈ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਜਣੇਪੇ ਨਾਲ ਸਬੰਧਤ ਕੇਸ ਹੁਣ ਸਕੀਮ ਤਹਿਤ ਰਜਿਸਟਰਡ ਪ੍ਰਾਈਵੇਟ ਹਸਪਤਾਲਾਂ ਵਿਚ ਵੀ ਕਰਨ ਦੀ ਮਨਜ਼ੂਰੀ ਦਿੱਤੀ ਹੈ।

ਸਿਵਲ ਸਰਜਨ ਡਾ. ਕਿਸ਼ਨ ਚੰਦ ਨੇ ਸਿਹਤ ਵਿਭਾਗ ਵੱਲੋਂ ਜਾਰੀ ਹੁਕਮ ਤਹਿਤ ਦੱਸਿਆ ਕਿ ਸੀਜੇਰੀਅਨ ਕੇਸ, ਹਾਈ ਰਿਸਕ ਡਲਿਵਰੀਆਂ ਆਦਿ ਲਈ ਹੁਣ ਸਰਬੱਤ ਸਿਹਤ ਬੀਮਾ ਯੋਜਨਾ ਦੇ ਲਾਭਪਾਤਰੀ ਸਿੱਧੇ ਤੌਰ 'ਤੇ ਅਜਿਹੇ ਪ੍ਰਾਈਵੇਟ ਹਸਪਤਾਲਾਂ ਨਾਲ ਰਾਬਤਾ ਕਰ ਸਕਦੇ ਹਨ, ਜੋ ਸਕੀਮ ਤਹਿਤ ਸਰਕਾਰ ਤੋਂ ਮਾਨਤਾ ਪ੍ਰਾਪਤ ਹਨ।

ਡਾਕਟਰੀ ਸ਼ਬਦਾਵਲੀ ਵਿਚ ਇਸ ਤਰ੍ਹਾਂ ਦੇ 10 ਕਿਸਮ ਦੇ ਮਰੀਜ਼ਾਂ ਦਾ ਇਲਾਜ ਸਿਹਤ ਬੀਮਾ ਸਕੀਮ ਤਹਿਤ ਪ੍ਰਾਈਵੇਟ ਹਸਪਤਾਲਾਂ ਵਿਚ ਕਰਵਾਉਣ ਦੀ ਛੋਟ ਦਿੱਤੀ ਗਈ ਹੈ। ਪਹਿਲਾਂ ਸਿਹਤ ਬੀਮਾ ਯੋਜਨਾ ਤਹਿਤ ਅਜਿਹੇ ਕੇਸਾਂ ਦਾ ਇਲਾਜ ਸਿਰਫ ਸਰਕਾਰੀ ਸਿਹਤ ਸੰਸਥਾਵਾਂ ਵਿਚ ਹੀ ਹੁੰਦਾ ਸੀ, ਅਜਿਹੇ ਕੇਸਾਂ ਦਾ ਇਨ੍ਹਾਂ ਪ੍ਰਾਈਵੇਟ ਹਸਪਤਾਲਾਂ ਵਿਚ ਇਲਾਜ ਬਿਲਕੁਲ ਮੁਫ਼ਤ ਹੋਵੇਗਾ। ਇਸ ਸਬੰਧੀ ਹੋਰ ਜਾਣਕਾਰੀ ਲਈ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 'ਤੇ ਸੰਪਰਕ ਕੀਤਾ ਜਾ ਸਕਦਾ ਹੈ।

ਇਸ ਤੋਂ ਬਿਨਾਂ ਜਣੇਪੇ ਲਈ ਘਰ ਤੋਂ ਹਸਪਤਾਲ ਜਾਣ ਲਈ 108 ਨੰਬਰ ਐਂਬੂਲੈਂਸ ਦੀ ਮੁਫ਼ਤ ਸੇਵਾ ਵੀ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ। ਇਸ ਲਈ ਜਣੇਪੇ ਸਬੰਧੀ ਕਿਸੇ ਵੀ ਐਮਰਜੈਂਸੀ ਲਈ 108 ਨੰਬਰ 'ਤੇ ਫੋਨ ਕਰ ਕੇ ਐਂਬੂਲੈਂਸ ਬੁਲਾਈ ਜਾ ਸਕਦੀ ਹੈ।