ਆਕਾਸ਼, ਗੁਰਦਾਸਪੁਰ : ਆਲਮੀ ਪੱਧਰ 'ਤੇ ਫੈਲ ਚੁੱਕੇ ਯੋਗ ਨਾਲ ਅੱਜ ਲੋਕ ਕਈ ਤਰ੍ਹਾਂ ਦੀਆਂ ਭਿਆਨਕ ਤੇ ਜਾਨਲੇਵਾ ਬਿਮਾਰੀਆਂ ਨੂੰ ਮਾਤ ਦੇ ਰਹੇ ਹਨ। ਅਜਿਹੇ ਹੀ ਲੋਕਾਂ ਵਿਚ ਸ਼ਾਮਲ ਹੈ ਗੁਰਦਾਸਪੁਰ ਦੇ ਪਿੰਡ ਕਲੀਚਪੁਰ ਦਾ ਵਾਸੀ ਕੀਮਤੀ ਲਾਲ ਸ਼ਰਮਾ, ਜਿਸ ਨੇ ਯੋਗ ਰਾਹੀਂ ਚੌਥੀ ਸਟੇਜ 'ਤੇ ਪਹੁੰਚ ਚੁੱਕੇ ਆਪਣੇ ਬੋਰਨਮੈਰੋ ਕੈਂਸਰ ਨੂੰ ਮਾਤ ਦੇ ਦਿੱਤੀ ਹੈ ਤੇ ਹੁਣ ਸਿਰਫ ਪਹਿਲੀ ਸਟੇਜ ਦਾ ਕੈਂਸਰ ਹੀ ਬਚਿਆ ਹੈ ਤੇ ਉਸ ਵਿਚ ਵੀ ਲਗਾਤਾਰ ਸੁਧਾਰ ਹੋ ਰਿਹਾ ਹੈ। ਇਸੇ ਤਰ੍ਹਾਂ ਗੁਰਦਾਸਪੁਰ ਦੇ ਮੁਹੱਲਾ ਇਸਲਾਮਾਬਾਦ ਵਾਸੀ ਨੀਲਮ ਨੇ ਯੋਗ ਨਾਲ ਹਾਰਟ ਬਲੋਕਜ਼ ਜਿਹੀ ਭਿਆਨਕ ਬਿਮਾਰੀ ਨਾਲ ਪੁੂਰੀ ਤਰ੍ਹਾਂ ਤੋਂ ਛੁਟਕਾਰਾ ਪਾ ਲਿਆ ਹੈ।

ਕੀਮਤੀ ਲਾਲ ਸ਼ਰਮਾ ਨੇ ਦੱਸਿਆ ਕਿ ਉਹ ਕ੍ਰਿਕਟ ਖੇਡਣ ਦਾ ਬਹੁਤ ਸੌਕੀਨ ਹੈ। ਉਸ ਨੇ ਪਿੰਡ ਦੇ ਨੌਜਵਾਨਾਂ ਦੇ ਨਾਲ ਮਿਲ ਕੇ ਪਿੰਡ ਵਿਚ ਇਕ ਗਰਾਊੁਂਡ ਵੀ ਬਣਵਾਈ ਹੈ। ਉਸ ਦਾ ਸਰੀਰ ਬਹੁਤ ਫਿੱਟ ਸੀ ਤੇ ਉਹ ਖੇਡ ਜਗਤ ਵਿਚ ਕੋਈ ਵੱਡੀ ਪ੍ਰਾਪਤੀ ਹਾਸਿਲ ਕਰ ਕੇ ਆਪਣਾ ਤੇ ਆਪਣੇ ਮਾਤਾ-ਪਿਤਾ ਦਾ ਨਾਂ ਰੌਸ਼ਨ ਕਰਨਾ ਚਾਹੁੰਦਾ ਸੀ ਪਰ ਅਗਸਤ 2017 ਵਿਚ ਗਰਾਊਂਡ ਵਿਚ ਆਪਣੇ ਸਾਥੀ ਨੌਜਵਾਨਾਂ ਨਾਲ ਗਿਆ ਤਾਂ ਉਸ ਨੂੰ ਇਕਦਮ ਚੱਕਰ ਆ ਗਿਆ ਤੇ ਉਹ ਉੱਥੇ ਡਿੱਗ ਗਿਆ, ਜਿਸ ਤੋਂ ਬਾਅਦ ਚੈੱਕਅਪ ਕਰਵਾਊਣ 'ਤੇ ਗੁਰਦਾਸਪੁਰ ਦੇ ਇਕ ਡਾਕਟਰ ਨੇ ਉਸ ਨੂੰ ਦੱਸਿਆ ਕਿ ਉਹ ਬੋਰਨਮੈਰੋ ਕੈਂਸਰ ਨਾਲ ਗ੍ਸਤ ਹੈ।

ਇਸ ਤੋਂ ਬਾਅਦ ਉਹ ਪੀਜੀਆਈ ਚੰਡੀਗੜ੍ਹ ਵਿਚ ਇਲਾਜ ਲਈ ਪਹੁੰਚੇ, ਜਿੱਥੋਂ ਡਾਕਟਰਾਂ ਨੇ ਆਖਰੀ ਸਟੇਜ 'ਤੇ ਹੋਣ ਕਾਰਨ ਜਵਾਬ ਦੇ ਦਿੱਤਾ। ਇਸ ਤੋਂ ਬਾਅਦ ਉਹ 10 ਜੂਨ 2018 ਨੂੰ ਚੇਨੱਈ ਚਲਿਆ ਗਿਆ, ਜਿੱਥੇ ਉਹ ਯੋਗ ਗੁਰੂ ਬਾਬਾ ਰਾਮਦੇਵ ਨਾਲ ਮਿਲਿਆ, ਜਿਨ੍ਹਾਂ ਨੇ ਉਸਨੂੰ ਆਯੂਰਵੈਦਿਕ ਦਵਾਈ ਖਾਣ ਦੇ ਨਾਲ-ਨਾਲ ਯੋਗ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ ਲਈ ਪ੍ਰਰੇਰਿਤ ਕੀਤਾ।

ਇਕ ਸਾਲ ਤੋਂ ਅਨਾਜ ਕੀਤਾ ਬੰਦ

ਕੀਮਤੀ ਲਾਲ ਸ਼ਰਮਾ ਨੇ ਦੱਸਿਆ ਕਿ ਉਸ ਨੇ ਪਿਛਲੇ ਇਕ ਸਾਲ ਤੋਂ ਅਨਾਜ ਨੂੰ ਮੂੰਹ ਨਹੀਂ ਲਾਇਆ। ਕੀਮਤੀ ਲਾਲ ਅਨੁਸਾਰ ਅਨਾਜ ਤੋਂ ਕੈਂਸਰ ਜਿਹੀ ਬਿਮਾਰੀ ਨੂੰ ਪ੍ਰੋਟੀਨ ਮਿਲਦਾ ਹੈ ਤੇ ਇਹ ਬਿਮਾਰੀ ਵਧਦੀ ਜਾਂਦੀ ਹੈ। ਇਸ ਲਈ ਉਸ ਨੇ ਅਨਾਜ ਨੂੰ ਪੂਰੀ ਤਰ੍ਹਾਂ ਆਪਣੀ ਜ਼ਿੰਦਗੀ ਤੋਂ ਦੂਰ ਰੱਖਿਆ।

ਪ੍ਰਰਾਣਾਯਾਮ ਨਾਲ ਦਿੱਤੀ ਮਾਤ

ਕੀਮਤੀ ਲਾਲ ਸ਼ਰਮਾ ਨੇ ਦੱਸਿਆ ਕਿ ਉਸ ਨੇ ਕੈਂਸਰ ਜਿਹੀ ਜਾਨਲੇਵਾ ਬਿਮਾਰੀ ਨੂੰ ਪ੍ਰਰਾਣਾਯਾਮ ਕਰ ਕੇ ਕਾਫ਼ੀ ਹੱਦ ਤੱਕ ਮਾਤ ਦੇ ਦਿੱਤੀ ਹੈ। ਹੁਣ ਸਿਰਫ ਇਕ ਸਟੇਜ ਹੀ ਰਹਿ ਗਈ ਹੈ, ਜਿਸ ਨੂੰ ਉਹ ਮਾਤ ਦੇਣ ਵਾਲਾ ਹੈ। ਰੋਜ਼ਾਨਾ ਉਹ ਚਾਰ ਘੰਟੇ ਯੋਗ ਤੇ ਸੈਰ ਕਰਦਾ ਹੈ।

ਯੋਗ ਦੇ ਨਾਲ-ਨਾਲ ਉਹ ਰਾਜਸਥਾਨ ਤੋਂ ਆਯੁਰਵੈਦਿਕ ਦਵਾਈ ਵੀ ਖਾ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਉਹ ਕੈਂਸਰ ਨੂੰ ਪੂਰੀ ਤਰ੍ਹਾਂ ਮਾਤ ਦੇ ਕੇ ਇਕ ਇਤਿਹਾਸ ਕਾਇਮ ਕਰਨਾ ਚਾਹੁੰਦਾ ਹੈ ਕਿ ਕਿਸੇ ਵਿਅਕਤੀ ਨੇ ਚੌਥੀ ਸਟੇਜ ਦੇ ਕੈਂਸਰ ਨੂੰ ਵੀ ਮਾਤ ਦਿੱਤੀ। ਉਸ ਦੀ ਜ਼ਿੱਦ ਤੇ ਜਜ਼ਬੇ ਨੂੰ ਦੇਖ ਕੇ ਅਜਿਹਾ ਸੰਭਵ ਲੱਗ ਰਿਹਾ ਹੈ ਕਿ ਉਹ ਜਲਦ ਹੀ ਆਪਣੇ ਇਸ ਟੀਚੇ ਨੂੰ ਹਾਸਿਲ ਕਰ ਲਵੇਗਾ।

ਲੋਕਾਂ ਨੂੰ ਕਰ ਰਿਹੈ ਪ੍ਰੇਰਿਤ

ਕੀਮਤੀ ਲਾਲ ਸ਼ਰਮਾ ਨੇ ਦੱਸਿਆ ਕਿ ਜਦੋਂ ਲੋਕਾਂ ਨੂੰ ਉਸ ਬਾਰੇ ਪਤਾ ਲੱਗਦਾ ਹੈ ਕਿ ਉਸ ਨੇ ਯੋਗ ਰਾਹੀਂ ਕੈਂਸਰ ਜਿਹੀ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ ਤਾਂ ਉਹ ਨਾਲ ਸੰਪਰਕ ਕਰ ਕੇ ਜਾਣਕਾਰੀ ਹਾਸਿਲ ਕਰਦੇ ਹਨ ਕਿ ਉਸ ਨੇ ਕੈਂਸਰ ਜਿਹੀ ਬਿਮਾਰੀ 'ਤੇ ਕਿਵੇਂ ਕਾਬੂ ਪਾਇਆ। ਹੁਣ ਤੱਕ ਉਹ ਸੂਬੇ ਦੇ ਵੱਖ-ਵੱਖ ਜ਼ਿਲਿ੍ਹਆਂ ਨਾਲ ਸਬੰਧਿਤ 8-10 ਲੋਕਾਂ ਨੂੰ ਪ੍ਰੇਰਿਤ ਕਰ ਚੁੱਕਾ ਹੈ। ਲੋਕ ਉਸ ਰਾਹੀਂ ਦਰਸਾਏ ਗਏ ਯੋਗ ਆਸਨ ਤੇ ਆਯੁਰਵੈਦਿਕ ਦਵਾਈਆਂ ਦਾ ਹੀ ਸੇਵਨ ਕਰ ਰਹੇ ਹਨ।