ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਸ਼ਨਿੱਚਰਵਾਰ ਦੇਰ ਰਾਤ ਫਿਰੋਜ਼ਪੁਰ ਦੇ ਪਿੰਡ ਗੁੱਦੜ ਢੰਡੀ ਨੇੜੇ ਅਣਪਛਾਤੀ ਗੱਡੀ ਦੀ ਲਪੇਟ 'ਚ ਆਉਣ ਨਾਲ ਦੋ ਦੋਸਤਾਂ ਦੀ ਮੌਤ ਹੋ ਗਈ। ਜਾਣਕਾਰੀ ਮਿਲਣ 'ਤੇ ਮੌਕੇ 'ਤੇ ਪੁੱਜੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ। ਲਾਸ਼ਾਂ ਦੀ ਹਾਲਤ ਦੇਖ ਕੇ ਲੋਕਾਂ ਦੇ ਰੌਂਗਟੇ ਖੜ੍ਹੇ ਹੋ ਗਏ ਕਿਉਂਕਿ ਲਾਸ਼ਾਂ ਉਪਰੋਂ ਕਈ ਗੱਡੀਆਂ ਗੁਜ਼ਰਨ ਕਾਰਨ ਲਾਸ਼ਾਂ ਦੀ ਪਛਾਣ ਕਰਨੀ ਮੁਸ਼ਕਿਲ ਹੋ ਰਹੀ ਸੀ। ਮਿ੍ਤਕਾਂ ਤੋਂ ਮਿਲੇ ਪਛਾਣ ਪੱਤਰਾਂ ਤੋਂ ਉਨ੍ਹਾਂ ਦੀ ਪਛਾਣ ਪਿੰਡ ਛਾਂਗਾ ਰਾਏ ਹਿਠਾੜ ਦੇ ਕ੍ਰਿਸ਼ਨ ਸਿੰਘ ਪੁੱਤਰ ਜੱਗਾ ਸਿੰਘ ਤੇ ਜਿਓਣਾ ਮੌੜ ਪੁੱਤਰ ਮੰਗਲ ਸਿੰਘ ਵਜੋਂ ਹੋਈ ਹੈ।

ਕੰਮ ਦੀ ਭਾਲ 'ਚ ਗਏ ਸਨ ਗੁਰਦਾਸਪੁਰ

ਮਿ੍ਤਕ ਕ੍ਰਿਸ਼ਨ ਦੇ ਭਰਾ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਕੰਬਾਈਨ ਚਲਾਉਂਦਾ ਸੀ। ਕੰਮ ਦਾ ਪਤਾ ਕਰਨ ਲਈ ਉਹ ਆਪਣੇ ਦੋਸਤ ਜਿਓਣਾ ਮੌੜ ਨਾਲ ਮੋਟਰਸਾਈਕਲ 'ਤੇ ਗੁਰਦਾਸਪੁਰ ਗਿਆ ਸੀ। ਸ਼ਨਿੱਚਰਵਾਰ ਦੇਰ ਰਾਤ ਉਨ੍ਹਾਂ ਨੂੰ ਫੋਨ ਆਇਆ ਕਿ ਕ੍ਰਿਸ਼ਨ ਸਿੰਘ ਦੀ ਹਾਦਸੇ 'ਚ ਮੌਤ ਹੋ ਗਈ ਹੈ। ਉਹ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨਾਲ ਮੌਕੇ 'ਤੇ ਪਹੁੰਚਿਆ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਲਾਸ਼ਾਂ ਨੂੰ ਕਬਜ਼ੇ 'ਚ ਲੈ ਲਿਆ ਸੀ।

ਮਿ੍ਤਕਾਂ ਦੀ ਨਹੀਂ ਹੋ ਰਹੀ ਪਛਾਣ

ਜੋਗਿੰਦਰ ਸਿੰਘ ਨੇ ਦੱਸਿਆ ਕਿ ਲਾਸ਼ਾਂ ਦੀ ਹਾਲਤ ਇੰਨੀ ਖਰਾਬ ਹੈ ਕਿ ਪਛਾਣ ਕਰਨੀ ਮੁਸ਼ਕਿਲ ਹੈ। ਮਿ੍ਤਕਾਂ ਦੀ ਪਛਾਣ ਆਧਾਰ ਕਾਰਡਾਂ ਤੋਂ ਹੋਈ। ਦੋਵਾਂ ਦੇ ਪਰਸ ਤੇ ਮੋਬਾਈਲ ਗਾਇਬ ਸਨ।

ਦੋਵੇਂ ਸਨ ਬਿਨਾਂ ਹੈਲਮੇਟ ਤੋਂ

ਹਾਦਸੇ 'ਚ ਮਾਰੇ ਗਏ ਦੋਵੇਂ ਦੋਸਤਾਂ ਨੇ ਹੈਲਮੇਟ ਨਹੀਂ ਪਹਿਨੇ ਸਨ। ਜੇਕਰ ਉਨ੍ਹਾਂ ਨੇ ਹੈਲਮੇਟ ਪਹਿਨੇ ਹੁੰਦੇ ਤਾਂ ਸ਼ਾਇਦ ਬਚਾਅ ਹੋ ਜਾਂਦਾ।

ਕੀ ਕਹਿਣਾ ਹੈ ਜਾਂਚ ਅਧਿਕਾਰੀ ਦਾ

ਮਾਮਲੇ ਦੀ ਜਾਂਚ ਕਰ ਰਹੇ ਥਾਣਾ ਲੱਖੋਕੇ ਬਹਿਰਾਮ ਦੇ ਐੱਸਆਈ ਗੁਰਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜਿਵੇਂ ਹੀ ਘਟਨਾ ਦਾ ਪਤਾ ਲੱਗਾ ਤਾਂ ਉਹ ਤੁਰੰਤ ਟੀਮ ਨਾਲ ਮੌਕੇ 'ਤੇ ਪੁੱਜੇ ਤੇ ਲਾਸ਼ਾਂ ਨੂੰ ਕਬਜ਼ੇ 'ਚ ਲਿਆ। ਲਾਸ਼ਾਂ ਦੀ ਪਛਾਣ ਨਹੀਂ ਹੋ ਰਹੀ ਸੀ। ਉਨ੍ਹਾਂ ਤੋਂ ਮਿਲੇ ਆਧਾਰ ਕਾਰਡਾਂ ਤੋਂ ਪਛਾਣ ਹੋਈ, ਜਿਸ 'ਤੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ। ਉਨ੍ਹਾਂ ਨੇ ਲਾਸ਼ਾਂ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀਆਂ ਹਨ। ਅਣਪਛਾਤੇ ਵਾਹਨ ਚਾਲਕ ਵਿਰੁੱਧ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।