ਆਕਾਸ਼, ਗੁਰਦਾਸਪੁਰ : ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਹੰਮਦ ਇਸ਼ਫਾਕ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਖੇਤੀਬਾੜੀ ਉਤਪਾਦਨ ਕਮੇਟੀ ਸਬੰਧੀ ਸਥਾਨਕ ਪੰਚਾਇਤ ਭਵਨ ਵਿਖੇ ਮੀਟਿੰਗ ਕੀਤੀ ਗਈ। ਇਸ ਵਿਚ ਰਮਨ ਕੋਛੜ ਐਸ.ਡੀ.ਐਮ ਦੀਨਾਨਗਰ-ਕਮ-ਸਹਾਇਕ ਕਮਿਸ਼ਨਰ (ਜ), ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ, ਅਗਾਂਹਵਧੂ ਕਿਸਾਨਾਂ ਸਮੇਤ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਖੇਤੀਬਾੜੀ ਵਿਭਾਗ ਸਮੇਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਪ੍ਰਤੀ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਕਿਸਾਨਾਂ ਦੀ ਆਮਦਨ ਵਿਚ ਵਾਧਾ ਕਰਨ ਲਈ ਲੋੜੀਂਦੇ ਕਦਮ ਉਠਾਉਣ ਅਤੇ ਐਕਸ਼ਨ ਪਲਾਨ ਤਿਆਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਮੁਸ਼ਕਿਲਾਂ ਹੱਲ ਕਰਨਾ ਸਾਡੀ ਪਹਿਲ ਕਦਮੀ ਹੋਣੀ ਚਾਹੀਦੀ ਹੈ ਤਾਂ ਜੋ ਕਿਸਾਨਾਂ ਨੂੰ ਮੁੱਖ ਖੇਤੀਬਾੜੀ ਦੇ ਕਿੱਤਿਆਂ ਤੋਂ ਇਲਾਵਾ ਸਹਾਇਕ ਧੰਦਿਆਂ ਵੱਲ ਜੋੜਿਆ ਜਾ ਸਕੇ।

ਉਨ੍ਹਾਂ ਅੱਗੇ ਕਿਹਾ ਕਿ ਕਿਸਾਨਾਂ ਨੂੰ ਫਸਲਾਂ ਦੇ ਵੱਧ ਝਾੜ ਖਾਸ ਕਰਕੇ ਗੰਨੇ ਦੀ ਫਸਲ ਦਾ ਵੱਧ ਝਾੜ ਲੈਣ ਲਈ ਅਤਿ ਆਧੁਨਿਕ ਤਕਨੀਕਾਂ ਤੋਂ ਜਾਣੂੰ ਕਰਵਾਇਆ ਜਾਵੇ ਅਤੇ ਫਸਲਾਂ ਲਈ ਜਰੂਰਤ ਅਨੁਸਾਰ ਪਾਣੀ ਵਰਤਣ ਲਈ ਜਾਗਰੂਕ ਕੀਤਾ ਜਾਵੇ। ਉਨ੍ਹਾਂ ੋਹੋਰ ਕਿਹਾ ਕਿ ਜਿਨਾਂ ਕਿਸਾਨਾਂ ਪਾਸ ਜ਼ਮੀਨ ਘੱਟ ਹੈ ਜਾਂ ਆਮਦਨ ਦਾ ਕੋਈ ਹੋਰ ਸਾਧਨ ਨਹੀਂ ਹੈ ਉਨਾਂ ਕਿਸਾਨਾਂ ਦੇ ਮਗਨਰੇਗਾ ਤਹਿਤ ਜਾਬ ਕਾਰਡ ਬਣਾਏ ਜਾਣ ਤਾਂ ਜੋ ਇਸ ਸਕੀਮ ਤਹਿਤ ਕੰਮ ਕਰਕੇ ਆਪਣੀ ਆਮਦਨ ਵਿਚ ਵਾਧਾ ਕਰ ਸਕਣ। ਉਨਾਂ ਅੱਗੇ ਕਿਹਾ ਕਿ ਕਿਸਾਨਾਂ ਨੂੰ ਖਾਸਕਰਕੇ ਜਿਨਾਂ ਕਿਸਾਨਾਂ ਪਾਸ ਘੱਟ ਜ਼ਮੀਨ ਹੈ, ਉਨਾਂ ਨੂੰ ਸਹਾਇਕ ਕਿੱਤਿਆਂ ਵੱਲ ਪ੍ਰਰੇਰਿਤ ਕੀਤਾ ਜਾਵੇ। ਬੱਕਰੀ ਪਾਲਣ, ਹਲਦੀ, ਮਸ਼ਰੂਮ, ਮਧੂ ਮੱਖੀਆਂ ਪਾਲਣ ਸਮੇਤ ਸਬਜ਼ੀਆਂ ਦੀ ਕਾਸ਼ਤ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਕੇ ਉਨਾਂ ਦੀ ਆਮਦਨ ਵਧਾਈ ਜਾ ਸਕਦੀ ਹੈ। ਉਨਾਂ ਦੱਸਿਆ ਕਿ ਅਗਲੇ ਕੁਝ ਦਿਨਾਂ ਤਕ ਬੱਕਰੀ ਪਾਲਣ ਦੇ ਚਾਹਵਾਨ ਕਿਸਾਨਾਂ ਦੀ ਸਿਖਲਾਈ ਦਾ ਪਹਿਲਾ ਬੈਚ ਸ਼ੁਰੂ ਕੀਤਾ ਜਾ ਰਿਹਾ ਹੈ।

ਡਿਪਟੀ ਕਮਿਸ਼ਨਰ ਨੇ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਮਸ਼ਰੂਮ, ਸ਼ਬਜ਼ੀਆਂ ਤੇ ਮਧੂ ਮੱਖੀਆਂ ਪਾਲਣ ਸਬੰਧੀ ਵਿਸਥਾਰ ਵਿਚ ਐਕਸ਼ਨ ਪਲਾਨ ਤਿਆਰ ਕਰਨ ਅਤੇ ਇਸ ਸਬੰਧੀ ਕਿਸਾਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ। ਉਨ੍ਹਾਂ ਭੂਮੀ ਰੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਡਰਿੱਪ ਸਿਸਟਮ, ਖੇਤਾਂ ਵਿਚ ਪਾਈਪ ਲਾਈਨ ਪਾਉਣ ਸਮੇਤ ਸਬੰਧਿਤ ਸਕੀਮਾਂ ਸੰਬਧੀ ਵਿਸਥਾਰ ਵਿਚ ਪਲਾਨ ਤਿਆਰ ਕਰਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇ। ਇਸ ਮੌਕੇ ਸਰਵ ਸ੍ਰੀ ਜਰਨੈਲ ਸਿੰਘ ਮੁੱਖ ਜੰਗਲਾਤ ਅਫਸਰ, ਹਰਚਰਨ ਸਿੰਘ ਕੰਗ ਜਿਲਾ ਭੂਮੀ ਰੱਖਿਆ ਅਫਸਰ ਦਿਲਬਾਗ ਸਿੰਘ ਲਾਲੀ ਚੀਮਾ, ਗੁਰਦਿਆਲ ਸਿੰਘ ਸਮੇਤ ਅਧਿਕਾਰੀ ਆਦਿ ਮੋਜੂਦ ਸਨ।