ਜੇਐੱਨਐੱਨ, ਬਟਾਲਾ (ਗੁਰਦਾਸਪੁਰ) : ਜ਼ਹਿਰੀਲੀ ਸ਼ਰਾਬ ਪੀਣ ਨਾਲ 13 ਲੋਕਾਂ ਦੀ ਮੌਤ ਦੇ ਮਾਮਲੇ 'ਚ ਮੁੱਖ ਮੁਲਜ਼ਮ ਧਰਮਿੰਦਰ ਨੂੰ ਬਟਾਲਾ ਪੁਲਿਸ ਨੇ ਸੋਮਵਾਰ ਰਾਤ ਕਾਬੂ ਕਰ ਲਿਆ। ਚਾਰ ਦਿਨਾਂ ਤੋਂ ਫ਼ਰਾਰ ਚੱਲ ਰਹੇ ਧਰਮਿੰਦਰ ਨੇ ਲੋਕਾਂ ਦੀ ਮੌਤ ਦੇ ਤਿੰਨ ਦਿਨ ਬਾਅਦ ਫਿਰ ਤੋਂ ਨਾਜਾਇਜ਼ ਸ਼ਰਾਬ ਦੀ ਸਮੱਗਲਿੰਗ ਸ਼ੁਰੂ ਕਰ ਦਿੱਤੀ ਸੀ। ਇਸ ਕੋਲੋਂ 20-20 ਲੀਟਰ ਸ਼ਰਾਬ ਨਾਲ ਭਰੇ ਦੋ ਕੈਨ ਬਰਾਮਦ ਹੋਏ ਹਨ। ਉਹ ਇਹ ਸ਼ਰਾਬ ਜੰਡਿਆਲਾ ਗੁਰੂ ਦੇ ਇਕ ਢਾਬੇ ਤੋਂ ਲੈ ਕੇ ਆ ਰਿਹਾ ਸੀ।

ਬਟਾਲਾ ਦੇ ਸਿਵਲ ਲਾਈਨ ਥਾਣੇ ਦੇ ਐੱਸਐੱਚਓ ਪਰਮਜੀਤ ਸਿੰਘ ਦਾ ਕਹਿਣਾ ਹੈ ਕਿ ਸੋਮਵਾਰ ਰਾਤ ਉਨ੍ਹਾਂ ਨੂੰ ਜੰਡਿਆਲਾ ਪੁਲਿਸ ਕੋਲੋਂ ਧਰਮਿੰਦਰ ਬਾਰੇ ਜਾਣਕਾਰੀ ਮਿਲੀ ਸੀ। ਇਸ ਤੋਂ ਬਾਅਦ ਉਹ ਟੀਮ ਨੂੰ ਲੈ ਕੇ ਬਟਾਲਾ ਦੇ ਬੋਦੇ ਵਾਲੀ ਖੂਹੀ ਨੇੜੇ ਪੁੱਜੇ ਤੇ ਆਟੋ 'ਚ ਸ਼ਰਾਬ ਲੈ ਕੇ ਆ ਰਹੇ ਧਰਮਿੰਦਰ ਨੂੰ ਗਿ੍ਫ਼ਤਾਰ ਕਰ ਲਿਆ। ਆਟੋ 'ਚ ਰੱਖੇ ਦੋ ਕੈਨਾਂ 'ਚ ਨਾਜਾਇਜ਼ ਸ਼ਰਾਬ ਰੱਖੀ ਸੀ।

ਡੀਐੱਸਪੀ ਡੀ ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਧਰਮਿੰਦਰ ਨੇ ਕਿਹੜੇ ਢਾਬੇ ਤੋਂ ਅਲਕੋਹਲ ਖ਼ਰੀਦੀ ਸੀ, ਉਸ ਦਾ ਪਤਾ ਲਗਾਉਣ ਲਈ ਟੀਮ ਭੇਜੀ ਗਈ ਹੈ। ਢਾਬਾ ਸੰਚਾਲਕ ਦੇ ਕਾਬੂ ਆਉਣ ਤੋਂ ਬਾਅਦ ਮਾਮਲਾ ਸੁਲਝਾ ਲਿਆ ਜਾਵੇਗਾ।

ਕਿਹਾ, ਨਹੀਂ ਪਤਾ ਸੀ ਏਨੀ ਜ਼ਹਿਰੀਲੀ ਹੈ ਸ਼ਰਾਬ, ਭਰਾ ਦੀ ਵੀ ਹੋਈ ਮੌਤ

ਸਿਵਲ ਲਾਈਨ ਥਾਣੇ 'ਚ ਮੁੱਢਲੀ ਜਾਂਚ 'ਚ ਧਰਮਿੰਦਰ ਨੇ ਮੰਨਿਆ ਕਿ ਉਸ ਵੱਲੋਂ ਤੇ ਤਿ੍ਵੈਣੀ ਵੱਲੋਂ ਵੇਚੀ ਸ਼ਰਾਬ ਪੀਣ ਨਾਲ ਲੋਕਾਂ ਦੀ ਮੌਤ ਹੋਈ ਹੈ। ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਸ਼ਰਾਬ ਏਨੀ ਜ਼ਹਿਰੀਲੀ ਹੈ। ਇਹੀ ਸ਼ਰਾਬ ਪੀਣ ਨਾਲ ਦੋ ਦਿਨ ਪਹਿਲਾਂ ਉਸ ਦੇ ਆਪਣੇ ਭਰਾ ਜਤਿੰਦਰ ਦੀ ਮੌਤ ਹੋ ਗਈ ਸੀ। ਸ਼ਰਾਬ ਜ਼ਹਿਰੀਲੀ ਹੋਣ ਬਾਰੇ ਕਿਸੇ ਨੂੰ ਸ਼ੱਕ ਨਾ ਹੋਵੇ ਇਸ ਲਈ ਉਸ ਦਾ ਰਾਤ ਨੂੰ ਹੀ ਸਸਕਾਰ ਕਰ ਦਿੱਤਾ ਸੀ। ਉਹ ਤਿ੍ਵੈਣੀ ਨਾਲ ਮਿਲ ਕੇ ਪਿਛਲੇ ਦਸ ਸਾਲ ਤੋਂ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰ ਰਿਹਾ ਸੀ।

ਲਿਫ਼ਾਫ਼ੇ ਤੇ ਬੋਤਲਾਂ 'ਚ ਭਰ ਕੇ ਵੇਚੀ ਸੀ ਜ਼ਹਿਰੀਲੀ ਸ਼ਰਾਬ

ਪੁਲਿਸ ਸੂਤਰਾਂ ਅਨੁਸਾਰ ਮੁਲਜ਼ਮ ਧਰਮਿੰਦਰ ਨੇ ਮੰਨਿਆ ਕਿ ਲੋਕਾਂ ਦੀ ਮੌਤ ਤੋਂ ਇਕ ਦਿਨ ਪਹਿਲਾਂ ਇਹ ਸ਼ਰਾਬ ਹਰਪ੍ਰਰੀਤ ਸਿੰਘ ਹੈਪੀ ਨੇ ਸਪਲਾਈ ਕੀਤੀ ਸੀ। ਸ਼ਰਾਬ ਦੇ ਦੋ ਕੈਨ ਪਹੁੰਚਾਏ ਗਏ ਸਨ। ਉਸ ਨੇ ਤੇ ਤਿ੍ਵੈਣੀ ਨੇ ਕੁਝ ਸ਼ਰਾਬ ਲਿਫ਼ਾਿਫ਼ਆਂ 'ਚ ਪਾ ਕੇ ਵੇਚ ਦਿੱਤੀ ਤੇ ਜੋ ਬਚੀ ਉਸ ਨੂੰ ਇਕ-ਇਕ ਲੀਟਰ ਦੀਆਂ ਬੋਤਲਾਂ 'ਚ ਭਰ ਕੇ ਵੇਚ ਦਿੱਤਾ।

ਜੰਡਿਆਲਾ ਗੁਰੂ 'ਚ ਲੁਕਿਆ ਸੀ ਪਰ ਲਾਲਚ 'ਚ ਫਸ ਗਿਆ

ਬਟਾਲਾ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਲੋਕਾਂ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਧਰਮਿੰਦਰ ਜੰਡਿਆਲਾ ਗੁਰੂ 'ਚ ਲੁਕ ਗਿਆ ਸੀ। ਇਸ ਦੌਰਾਨ ਉਸ ਨੂੰ ਪਤਾ ਲੱਗਾ ਕਿ ਬੋਦੇ ਵਾਲੀ ਖੂਹੀ 'ਚ ਅਲਕੋਹਲ ਦੀ ਕਾਫੀ ਮੰਗ ਹੈ ਤੇ ਪੈਸੇ ਵੀ ਚੰਗੇ ਮਿਲਣਗੇ। ਲਾਲਚ 'ਚ ਆ ਕੇ ਉਹ ਇਕ ਢਾਬੇ ਤੋਂ ਦੋ ਕੈਨ ਅਲਕੋਹਲ ਖ਼ਰੀਦ ਕੇ ਉਸ ਨੂੰ ਆਟੋ 'ਚ ਰੱਖ ਕੇ ਬੋਦੇ ਵਾਲੀ ਖੂਹੀ 'ਚ ਵੇਚਣ ਲਈ ਨਿਕਲ ਪਿਆ ਤੇ ਫੜਿਆ ਗਿਆ।