ਮਹਿੰਦਰ ਸਿੰਘ ਅਰਲੀਭੰਨ,ਕਲਾਨੌਰ,ਡੇਰਾ ਬਾਬਾ ਨਾਨਕ : ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਮਛਰਾਲਾ ਵਿਖੇ ਪਿੰਡ ਦੀਆਂ ਮੜ੍ਹੀਆਂ ਦੇ ਨਿਰਮਾਣ ਕਾਰਜ ਕਰਵਾਉਣ ਤੋਂ ਹੋਈ ਤਕਰਾਰ ਕਾਰਨ ਮੌਜੂਦਾ ਸਰਪੰਚ ਅਤੇ ਸਾਬਕਾ ਸਰਪੰਚ ਦੀ ਗੋਲ਼ੀਆਂ ਲੱਗਣ ਕਾਰਨ ਮੌਤ ਹੋ ਗਈ ਜਦਕਿ ਤੀਸਰੇ ਨੌਜਵਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ ।

ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਪਿੰਡ ਮਛਰਾਲਾ ਵਿਖੇ ਭਲਵਾਨਾਂ ਦੇ ਟੱਬਰ ਨਾਲ ਪ੍ਰਸਿੱਧ ਮੌਜੂਦਾ ਸਰਪੰਚ ਮਨਜੀਤ ਸਿੰਘ ਅਤੇ ਸਾਬਕਾ ਸਰਪੰਚ ਹਰਦਿਆਲ ਸਿੰਘ ਜੋ ਚਚੇਰੇ ਭਰਾ ਵੀ ਹਨ, ਪਿੰਡ ਦੀਆਂ ਮੜ੍ਹੀਆਂ ਵਿੱਚ ਇੱਟਾਂ ਲਗਾਉਣ ਤੋਂ ਤਕਰਾਰ ਹੋ ਗਿਆ, ਜਿਸ ਦੌਰਾਨ ਮੌਜੂਦਾ ਸਰਪੰਚ ਮਨਜੀਤ ਸਿੰਘ ਅਤੇ ਉਸਦੇ ਭਤੀਜੇ ਸਾਬੀ ਅਤੇ ਹਰਦਿਆਲ ਸਿੰਘ ਸਾਬਕਾ ਸਰਪੰਚ ਦੋਹਾਂ ਧਿਰਾਂ ਵਿਚ ਗੋਲੀ ਚੱਲ ਗਈ। ਇਸ ਦੌਰਾਨ ਸਰਪੰਚ ਮਨਜੀਤ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਉਸਦਾ ਭਤੀਜਾ ਸਾਬੀ ਗੰਭੀਰ ਫੱਟੜ ਹੋ ਗਿਆ। ਦੂਸਰੇ ਪਾਸੇ ਹਰਦਿਆਲ ਸਿੰਘ ਸਾਬਕਾ ਸਰਪੰਚ 'ਤੇ ਵੀ ਗੋਲ਼ੀਆਂ ਲੱਗਣ ਕਾਰਨ ਉਸ ਨੂੰ ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ ਗਿਆ । ਖ਼ਬਰ ਲਿਖੇ ਜਾਣ ਤੱਕ ਪਿੰਡ ਮਛਰਾਲਾ ਵਿੱਚ ਮੌਜੂਦਾ ਤੇ ਸਾਬਕਾ ਸਰਪੰਚ ਦੀ ਮੌਤ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਇਸ ਘਟਨਾ ਦੀ ਖ਼ਬਰ ਮਿਲਦਿਆਂ ਹੀ ਪੁਲਿਸ ਦੇ ਉੱਚ ਅਧਿਕਾਰੀ ਘਟਨਾ ਦਾ ਜਾਇਜ਼ਾ ਲੈਣ ਲਈ ਪੁੱਜੇ।

Posted By: Tejinder Thind