ਆਕਾਸ਼, ਗੁਰਦਾਸਪੁਰ : ਗੁਰਦਾਸਪੁਰ ਦੀ ਗੁਰੂ ਨਾਲਕ ਸਹਾਏ ਕਾਲੋਨੀ ਵਿਚ ਸ਼ਨਿੱਚਰਵਾਰ ਨੂੰ ਚੋਰਾਂ ਨੇ ਦਿਨ ਦਿਹਾੜੇ ਇਕ ਅਧਿਆਪਕ ਦੇ ਘਰ ਵਿਚ ਵੱਡੀ ਚੋਰੀ ਨੂੰ ਅੰਜਾਮ ਦਿੱਤਾ। ਜਦਕਿ ੳਸਦੇ ਨਜਦੀਕੀ ਘਰ ਦੀ ਖਿੜਕੀ ਦੇ ਸ਼ੀਸ਼ੇ ਤੋੜ ਕੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਪਰ ਖਿੜਕੀ ਵਿਚ ਗਰਿੱਲ ਲੱਗੀ ਹੋਣ ਕਾਰਨ ਚੋਰ ਆਪਣੇ ਮਕਸਦ ਵਿਚ ਕਾਮਯਾਬ ਨਹੀਂ ਹੋ ਸਕੇ। ਚੋਰਾਂ ਨੇ ਅਧਿਆਪਕ ਦੇ ਘਰ ਚੋਂ 25 ਤੋਲੇ ਸੋਨਾ ਅਤੇ 10 ਹਜਾਰ ਰੁਪਏ ਚੋਰੀ ਕਰ ਲਈ।

ਜਾਣਕਾਰੀ ਦਿੰਦੇ ਹੋਏ ਸਿੱਖਿਆ ਵਿਭਾਗ ਵਿਚ ਬਤੌਰ ਲੈਕਚਰਾਰ ਤਾਇਨਾਤ ਗੌਤਮ ਪੁਤਰ ਬਨਾਰਸੀ ਦਾਸ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਬੇਹਾਲੀ ਵਿਚ ਕੰਮ ਕਰਦੇ ਹਨ। ਸ਼ਨਿੱਚਰਵਾਰ ਨੂੰ ਉਹ ਆਪਣੀ ਡਿਊਟੀ 'ਤੇ ਗਿਆ ਹੋਇਆ ਸੀ ਕਿ ਉਸਦੀ ਪਤਨੀ ਆਪਣੇ ਦੋ ਪੁੱਤਰਾਂ ਨੂੰ ਲੈ ਕੇ ਸਵੇਰੇ 11:30 ਵਜੇ ਦੇ ਕਰੀਬ ਘਰ ਤੋਂ ਬਾਜਾਰ ਗਈ ਸੀ। ਕਰੀਬ ਅੱਧੇ ਘੰਟੇ ਬਾਅਦ ਹੀ ਜਦੋਂ ਵਾਪਸ ਘਰ ਪਰਤੇ ਤਾਂ ਸਾਮਾਨ ਖਿਲਰਿਆ ਪਿਆ ਸੀ ਜਿਸਦੇ ਚਲਦਿਆਂ ਉਨ੍ਹਾਂ ਨੂੰ ਚੋਰੀ ਦਾ ਸ਼ੱਕ ਹੋਇਆ। ਉਨ੍ਹਾਂ ਨੇ ਦੱਸਿਆ ਕਿ ਘਰ ਦਾ ਸਿਰਫ ਬਾਹਰੀ ਗੇਟ ਬੰਦ ਸੀ। ਜਦਕਿ ਅੰਦਰੂਨੀ ਦਰਵਾਜਾ ਖੁੱਲਿ੍ਹਆ ਸੀ। ਚੋਰਾਂ ਨੇ ਸਟੋਰ ਵਿਚ ਸਾਮਾਨ ਦੀ ਤਲਾਸ਼ੀ ਕਰਕੇ ਅਲਮਾਰੀ ਵਿਚੋਂ ਸੋਨੇ ਦੇ ਕਰੀਬ 25 ਤੋਲੇ ਦੇ ਗਹਿਣੇ ਚੋਰੀ ਕਰ ਲਏ। ਜਦਕਿ ਪਰਸ ਵਿਚ ਪਏ ਕਰੀਬ 10 ਹਜਾਰ ਰੁਪਏ ਵੀ ਚੋਰੀ ਕਰ ਲਏ। ਇਸ ਘਰ ਦੇ ਬਿਲਕੂਲ ਨੇੜੇ ਘਰ ਦੇ ਮਾਲਿਕ ਜਸਪਿੰਦਰ ਸਿਘ ਪੁੱਤਰ ਗੁਰਦਿਆਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਅਤੇ ਉਹ ਦੋਵੇਂ ਸਿਹਤ ਵਿਭਾਗ ਕਲਾਨੌਰ ਵਿਚ ਨੌਕਰੀ ਕਰਦੇ ਹਨ ਜਦਕਿ ਬਚੇ ਸਕੂਲ ਚਲੇ ਜਾਣ ਦੇ ਬਾਅਦ ਘਰ ਵਿਚ ਕੋਈ ਵੀ ਨਹੀਂ ਹੁੰਦਾ। ਸ਼ਨਿੱਚਰਵਾਰ ਨੂੰ ਵੀ ਪਰਿਵਾਰ ਦੇ ਸਾਰੇ ਮੈਂਬਰ ਆਪਣੇ-ਆਪਣੇ ਕੰਮਾਂ 'ਤੇ ਚਲੇ ਗਏ ਅਤੇ ਘਰ ਬੰਦ ਸੀ। ਚੋਰਾਂ ਨੇ ਘਰ ਦੇ ਪਿਛਲੇ ਪਾਸਿਓ ਦਾਖਲ ਹੋ ਕੇ ਖਿੜਦੀ ਦਾ ਸ਼ੀਸ਼ਾ ਤੌੜ ਕੇ ਘਰ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਪਰ ਖਿੜਕੀ ਵਿਚ ਲੋਹੇ ਦੀ ਗਰਿੱਲ ਲੱਗੀ ਹੋਣ ਕਾਰਨ ਉਹ ਅੰਦਰ ਜਾਣ ਵਿਚ ਕਾਮਯਾਬ ਨਹੀਂ ਹੋ ਸਕੇ ਜਿਸਦੇ ਬਾਅਦ ਉਨ੍ਹਾਂ ਨੇ ਨੇੜਲੇ ਘਰ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਵੱਡੀ ਚੋਰੀ ਨੂੰ ਅੰਜਾਮ ਦਿਤਾ। ਦੋਵਾਂ ਘਟਨਾਵਾਂ ਸਬੰਧੀ ਥਾਣਾ ਸਿਟੀ ਦੀ ਪੁਲਿਸ ਨੂੰ ਸੂਚਿਤ ਕਰ ਦਿਤਾ ਹੈ ਜਿਸਦੇ ਬਾਅਦ ਪੁਲਿਸ ਨੇ ਕਾਰਵਾਈ ਆਰੰਭ ਕਰ ਦਿੱਤੀ ਹੈ।