ਆਸ਼ਕਰਾਜ ਮਾਹਲਾ, ਸ਼ਾਹਪੁਰ ਜਾਜਨ : ਪੁਲਿਸ ਥਾਣਾ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਪਿੰਡ ਮੂਲੋਵਾਲੀ ਵਿੱਚ ਇੱਕ ਗ਼ਰੀਬ ਮਜਦੂਰ ਦੀ ਆਸਮਾਨੀ ਬਿਜਲੀ ਪੈਣ ਨਾਲ ਮੌਤ ਹੋ ਜਾਣ ਦਾ ਬਹੁਤ ਹੀ ਦੁੱਖਦਾਈ ਸਮਾਚਾਰ ਪ੍ਰਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਿ੍ਤਕ ਦੇ ਬੇਟੇ ਮੁਖਤਾਰ ਮਸੀਹ ਨੇ ਦੱਸਿਆ ਕਿ ਉਸ ਦਾ ਪਿਤਾ ਰਾਜੂ ਮਸੀਹ(58) ਖੇਤਾਂ ਵਿੱਚ ਸਪਰੇਅ ਕਰਨ ਦਾ ਕੰਮ ਕਰਦਾ ਸੀ। ਉਹ ਆਪਣੇ ਪਿਤਾ ਨੂੰ ਸਵੇਰੇ ਆਪਣੇ ਪਿੰਡ ਬੋਲੀ ਸਾਹਿਬ (ਰਮਦਾਸ) ਜ਼ਿਲ੍ਹਾ ਅੰਮਿ੍ਤਸਰ ਤੋਂ ਪਿੰਡ ਮੂਲੋਵਾਲੀ (ਡੇਰਾ ਬਾਬਾ ਨਾਨਕ )ਵਿਖੇ ਕਿਸਾਨ ਚਰਨਜੀਤ ਸਿੰਘ ਪੁੱਤਰ ਮਹਿੰਗਾ ਸਿੰਘ ਦੇ ਖੇਤਾਂ ਵਿੱਚ ਸਪਰੇਅ ਕਰਨ ਲਈ ਛੱਡ ਕੇ ਗਿਆ ਸੀ। ਉਹ ਨੇ ਦੱਸਿਆ ਕਿ ਕਰੀਬ 9:30 ਵਜੇ ਉਸ ਦੇ ਮਾਸੜ ਜੇਮਸ ਮਸੀਹ ਜੋ ਲਾਗਲੇ ਖੇਤਾਂ ਵਿਚ ਸਪਰੇਅ ਦਾ ਕੰਮ ਕਰ ਰਹੇ ਸੀ। ਉਨ੍ਹਾਂ ਨੇ ਫੋਨ ਕੀਤਾ ਕਿ ਤੁਹਾਡੇ ਪਿਤਾ ਰਾਜੂ ਮਸੀਹ ਦੀ ਅਸਮਾਨੀ ਬਿਜਲੀ ਪੈਣ ਕਰਕੇ ਮੌਕੇ ਤੇ ਮੌਤ ਹੋ ਗਈ ਹੈ। ਉਸ ਨੇ ਦੱਸਿਆ ਕਿ ਉਹ ਤੁਰੰਤ ਮੌਕੇ ਤੇ ਘਟਨਾ ਵਾਲੀ ਜਗ੍ਹਾ ਤੇ ਪਹੁੰਚਿਆ ਤੇ ਵੇਖਿਆ ਕਿ ਬਹੁਤ ਦਰਦਨਾਕ ਹਾਦਸਾ ਵਾਪਰ ਚੁੱਕਾ ਸੀ ਤੇ ਉਸ ਦੇ ਪਿਤਾ ਦੀ ਡੈੱਡ ਬਾਡੀ ਬਿਲਕੁਲ ਬੁਰੀ ਤਰ੍ਹਾਂ ਝੁਲਸ ਚੁੱਕੀ ਸੀ। ਇਸ ਸਬੰਧੀ ਜਦੋਂ ਉਨ੍ਹਾਂ ਕਿਸਾਨ ਚਰਨਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕੀ ਉਹ ਆਪਣੇ ਖੇਤਾਂ ਵਿੱਚ ਸਪਰੇਅ ਪਾਉਣ ਦਾ ਕੰਮ ਕਰ ਰਹੇ ਸੀ ਤਾਂ ਇੱਕ ਦਮ ਥੋੜਾ-ਥੋੜਾ ਮੀਂਹ ਪੈ ਰਿਹਾ ਸੀ ਜਿਸ ਕਾਰਨ ਇਹ ਮਜ਼ਦੂਰ ਨੇੜੇ ਇੱਕ ਤੂੜੀ ਦੇ ਮੂਸਲ ਵਿੱਚ ਜਾ ਕੇ ਬੈਠ ਗਿਆ। ਅਚਾਨਕ ਉੱਪਰੋਂ ਅਸਮਾਨੀ ਬਿਜਲੀ ਪੈਣ ਕਰਕੇ ਤੂੜੀ ਦਾ ਮੂਸਲ ਅਤੇ ਮਜ਼ਦੂਰ ਵੀ ਸੜ ਗਿਆ। ਉਸ ਨੇ ਦੱਸਿਆ ਕਿ ਉਸ ਦੀਆਂ ਅੱਖਾਂ ਸਾਹਮਣੇ ਇਕਦਮ ਹਨੇਰਾ ਛਾ ਗਿਆ। ਥੋੜ੍ਹੀ ਦੇਰ ਬਾਅਦ ਉਸ ਨੂੰ ਹੋਸ਼ ਆਈ ਤਾਂ ਉਸ ਨੇ ਆਪਣੇ ਪਿੰਡ ਭੱਜ ਕੇ ਜਾ ਕੇ ਲੋਕਾਂ ਦੀ ਮਦਦ ਨਾਲ ਮਜਦੂਰ ਦੀ ਡੈੱਡ ਬਾਡੀ ਨੂੰ ਤੂੜੀ ਦੇ ਮੂਸਲ ਵਿਚੋਂ ਕੱਿਢਆ। ਇਸ ਸਬੰਧੀ ਉਸ ਨੇ ਮਜ਼ਦੂਰ ਦੇ ਘਰਦਿਆਂ ਅਤੇ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਨੂੰ ਸੂਚਿਤ ਕੀਤਾ। ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਮੁਖੀ ਐੱਸਐੱਚਓ ਦਲਜੀਤ ਸਿੰਘ ਪੱਡਾ ਨੇ ਦੁਰਘਟਨਾ ਵਾਲੀ ਜਗ੍ਹਾ ਪਹੁੰਚ ਕੇ 174ਦੀ ਕਾਰਵਾਈ ਕਰਕੇ ਲਾਸ਼ ਆਪਣੇ ਕਬਜੇ ਵਿਚ ਲੈ ਕੇ ਸਿਵਲ ਹਸਪਤਾਲ ਬਟਾਲਾ ਵਿਖੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਮੌਤ ਦੇ ਅਗਲੇ ਕਾਰਨਾਂ ਦਾ ਪਤਾ ਲਗਾਇਆ ਜਾਵੇਗਾ।