ਕੁਲਦੀਪ ਜਾਫਲਪੁਰ, ਕਾਹਨੂੰਵਾਨ : ਸਰਕਾਰੀ ਹਸਪਤਾਲ ਕਾਹਨੂੰਵਾਨ ਦੇ ਏਰੀਏ 'ਚ ਆਉਂਦੇ ਪਿੰਡ ਬਹੂਰੀਆਂ ਸੈਣੀਆਂ ਤੇ ਪਿੰਡ ਝੰਡਾ ਲੁਬਾਣਾ 'ਚ ਕੋਵਿਡ-19 ਦੇ ਵੱਧ ਰਹੇ ਪਾਜ਼ੇਟਿਵ ਕੇਸਾਂ ਕਾਰਨ ਇਨ੍ਹਾਂ ਦੋਵਾਂ ਪਿੰਡਾਂ ਨੂੰ ਮਾਈਕਰੋ ਕੰਨਟੇਨਮੈਂਟ ਜ਼ੋਨ 'ਚ ਐਲਾਨ ਦਿੱਤਾ ਗਿਆ ਹੈ। ਇਸ ਕਰਕੇ 28 ਸਤੰਬਰ ਤੋਂ 7 ਅਕਤੂਬਰ (10 ਦਿਨ ) ਤਕ ਇਨ੍ਹਾਂ ਦੋਵਾਂ ਪਿੰਡਾਂ 'ਚ ਪਾਜ਼ੇਟਿਵ ਕੇਸਾਂ ਦੇ ਸੰਪਰਕ 'ਚ ਆਏ ਲੋਕਾਂ ਜਾਂ ਵਿਅਕਤੀਆਂ ਦੇ ਵੱਧ ਤੋਂ ਵੱਧ ਕੋਵਿਡ-19 ਦੇ ਸੈਂਪਲ ਲੈਣ ਵਾਸਤੇ ਸਿਹਤ ਕਰਮਚਾਰੀਆਂ ਦੀ ਡਿਊਟੀ ਲਗਾਈ ਗਈ। ਅੱਜ ਦੀ ਮੀਟਿੰਗ ਜ਼ਿਲ੍ਹਾ ਐਪੀਡੀਮਾਲੋਜਿਸਟ ਮਲੇਰੀਆ ਅਫ਼ਸਰ ਗੁਰਦਾਸਪੁਰ ਡਾਕਟਰ ਪ੍ਰਭਜੋਤ ਕੌਰ ਕਲਸੀ ਦੀ ਰਾਹਨੁਮਾਈ ਹੇਠ ਕੀਤੀ ਗਈ । ਇਸ ਮੌਕੇ ਡਾਕਟਰ ਪ੍ਰਭਜੋਤ ਕੌਰ ਨੇ ਕਿਹਾ ਕਿ ਪਿਛਲੇ ਦਿਨਾਂ 'ਚ ਲਗਾਤਾਰ ਇਨ੍ਹਾਂ ਪਿੰਡਾਂ 'ਚ ਕਾਫ਼ੀ ਮਰੀਜ਼ਾਂ ਨੂੰ ਕੋਰੋਨਾ ਪੀੜਤ ਪਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲਗਾਤਾਰ ਇਨ੍ਹਾਂ ਪਿੰਡਾਂ ਦੇ ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਸਨ। ਜਿਨ੍ਹਾਂ 'ਚ ਕਈ ਪਰਿਵਾਰਾਂ ਨੂੰ ਕੋਰੋਨਾ ਪੀੜਤਾਂ ਵਜੋਂ ਪਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕੇ ਵਿਭਾਗ ਵੱਲੋਂ ਸੱਤ ਅਕਤੂਬਰ ਤੱਕ ਇਨ੍ਹਾਂ ਪਿੰਡਾਂ ਵੱਲ ਵਿਸ਼ੇਸ਼ ਤਵੱਜੋਂ ਦਿੱਤੀ ਜਾਵੇਗੀ। ਮੀਟਿੰਗ 'ਚ ਡਾਕਟਰ ਜਗਜੀਤ ਸਿੰਘ,ਡਾਕਟਰ ਅਮਰਿੰਦਰ ਸਿੰਘ,ਡਾਕਟਰ ਪੂਰਨਮਾ, ਏਐੱਮਓ ਸ਼ਿਵਚਰਨ ਏਐੱਮਓ ਰਛਪਾਲ ਸਿੰਘ ਏਐੱਮਓ ਦਲੀਪ , ਹੈਲਥ ਇੰਸਪੈਕਟਰ ਮਹਿੰਦਰਪਾਲ ਅਤੇ ਸਰਕਾਰੀ ਹਸਪਤਾਲ ਕਾਹਨੂੰਵਾਨ ਦੇ ਕਰਮਚਾਰੀ ਹਾਜ਼ਰ ਸਨ।