ਕੁਲਦੀਪ ਜਾਫਲਪੁਰ, ਕਾਹਨੂੰਵਾਨ : ਪਿੰਡ ਕਾਲਾ ਬਾਲਾ 'ਚ ਕੋਰੋਨਾ ਦੀ ਪਾਜ਼ੇਟਿਵ ਰਿਪੋਰਟ ਮਿਲਣ ਪਿੱਛੋਂ ਇਕ ਵਿਅਕਤੀ ਪਿੰਡ ਦੀ ਡਿਸਪੈਂਸਰੀ 'ਚ ਹੀ ਪੈਂਦੀ ਪਾਣੀ ਵਾਲੀ ਟੈਂਕੀ 'ਤੇ ਜਾ ਚੜਿਆ, ਜਿਸ ਤੋਂ ਬਾਅਦ ਸਿਹਤ ਵਿਭਾਗ ਦੇ ਕਰਮਚਾਰੀਆਂ ਤੇ ਵਿਭਾਗ ਦੇ ਅਮਲੇ ਨੂੰ ਭਾਜੜਾਂ ਪੈ ਗਈਆਂ। ਦੱਸਣਯੋਗ ਹੈ ਕਿ ਪਿੰਡ ਕਾਲਾ ਬਾਲਾ ਵਾਸੀ ਇਕ ਵਿਅਕਤੀ ਦਾ 6 ਮਈ ਨੂੰ ਕੋਰੋਨਾ ਦਾ ਸੈਂਪਲ ਲਿਆ ਗਿਆ ਸੀ, ਜਿਸ ਦੀ ਰਿਪੋਰਟ ਐਤਵਾਰ ਸ਼ਾਮ ਨੂੰ ਮਿਲੀ ਸੀ, ਜਿਸ 'ਚ ਉਕਤ ਵਿਅਕਤੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ। ਜਦੋਂ ਕੋਰੋਨਾ ਪੀੜਤ ਹੋਣ ਦੀ ਖ਼ਬਰ ਉਸ ਵਿਅਕਤੀ ਨੂੰ ਮਿਲੀ ਤਾਂ ਉਕਤ ਵਿਅਕਤੀ ਰਾਤ ਨੂੰ ਹੀ ਘਰੋਂ ਕਿਤੇ ਚਲਾ ਗਿਆ ਤੇ ਸੋਮਵਾਰ ਸਵੇਰੇ ਕਾਲਾ ਬਾਲਾ ਦੀ ਡਿਸਪੈਂਸਰੀ ਕੋਲ ਪੈਂਦੀ ਪਾਣੀ ਵਾਲੀ ਟੈਂਕੀ 'ਤੇ ਜਾ ਚੜਿ੍ਹਆ। ਪਰ ਸਿਹਤ ਵਿਭਾਗ ਦੇ ਕਰਮਚਾਰੀ ਉਸ ਨੂੰ ਲੱਭਦੇ ਰਹੇ। ਜਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਤਾਂ ਉਹ ਤੁਰੰਤ ਪੀੜਤ ਵਿਅਕਤੀ ਕੋਲ ਆਏ ਤੇ ਉਸ ਨੂੰ ਕਿਹਾ ਕਿ ਉਸ ਨੂੰ ਘਰ 'ਚ ਹੀ ਇਕਾਂਤਵਾਸ ਕੀਤਾ ਜਾਵੇਗਾ।

ਇਸ ਸਬੰਧੀ ਜਦੋਂ ਐੱਸਐੱਮਓ ਡਾ. ਜਗਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਜੇਕਰ ਪੀੜਤ ਵਿਅਕਤੀ ਦੀ ਸਿਹਤ ਵਿਗੜਦੀ ਹੈ ਤਾਂ ਉਸ ਨੂੰ ਗੁਰਦਾਸਪੁਰ ਜਾਂ ਹੋਰ ਕਿਸੇ ਵੱਡੇ ਹਸਪਤਾਲ 'ਚ ਇਲਾਜ ਲਈ ਵੀ ਭੇਜਿਆ ਜਾ ਸਕਦਾ ਹੈ।