ਆਕਾਸ਼, ਗੁਰਦਾਸਪੁਰ : ਗੁਰਦਾਸਪੁਰ ਅੰਦਰ ਕੋਵਿਡ ਵੈਕਸੀਨ ਲਗਾਉਣ ਦੀ ਮੁਹਿੰਮ ਤੇਜ਼ੀ ਨਾਲ ਚੱਲ ਰਹੀ ਹੈ। ਇਸ ਕਾਰਨ 2 ਲੱਖ 27 ਹਜ਼ਾਰ 179 ਵਿਅਕਤੀਆਂ ਨੂੰ ਵੈਕਸੀਨ ਲਗਾਈ ਜਾ ਚੁੱਕੀ ਹੈ। ਡਾ. ਹਰਭਜਨ ਰਾਮ ਸਿਵਲ ਸਰਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਗਠਿਤ ਵੱਖ-ਵੱਖ ਵੈਕਸ਼ੀਨੇਸ਼ਨ ਟੀਮਾਂ ਵਲੋਂ ਪੇਂਡੂ ਤੇ ਸ਼ਹਿਰੀ ਪੱਧਰ 'ਤੇ ਵਿਸ਼ੇਸ ਮੁਹਿੰਮ ਚਲਾਈ ਜਾ ਰਹੀ ਹੈ ਤੇ ਯੋਗ ਵਿਅਕਤੀਆਂ ਨੂੰ ਵੈਕਸੀਨ ਲਗਾਈ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ 2 ਲੱਖ 13 ਹਜ਼ਾਰ 272 ਵਿਅਕਤੀਆਂ ਨੂੰ ਪਹਿਲੀ ਡੋਜ਼ ਅਤੇ 13 ਹਜ਼ਾਰ 907 ਵਿਅਕਤੀਆਂ ਨੂੰ ਦੂਸਰੀ ਡੋਜ਼ ਲੱਗ ਚੁੱਕੀ ਹੈ। ਉਨ੍ਹਾਂ ਦੱਸਿਆ ਕਿ 40 ਤੋਂ 60 ਸਾਲ ਦੀ ਉਮਰ ਦੇ ਵਿਅਕਤੀਆਂ ਨੂੰ 1 ਲੱਖ 03 ਹਜ਼ਾਰ 215 ਅਤੇ 60 ਸਾਲ ਅਤੇ 60 ਸਾਲ ਦੀ ਉਮਰ ਤੋਂ ਵੱਧ 87 ਹਜ਼ਾਰ 834 ਦੇ ਵਿਅਕਤੀਆਂ ਨੂੰ ਵੈਕਸੀਨ ਲਗਾਈ ਜਾ ਚੁੱਕੀ ਹੈ।

ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਵਿਸ਼ੇਸ਼ ਕੈਂਪ ਲਗਾ ਕੇ ਵੈਕਸੀਨ ਲਗਾਈ ਜਾ ਰਹੀ ਹੈ, ਜਿਸ ਤਹਿਤ ਪਿੰਡਾਂ ਦੇ ਪੰਚ-ਸਰਪੰਚ ਅਤੇ ਲੋਕਾਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸ਼ਹਿਰੀ ਖੇਤਰ ਅੰਦਰ ਵੀ ਵੱਖ-ਵੱਖ ਵਾਰਡਾਂ ਵਿਚ ਕੌਂਸਲਰਾਂ ਦੀ ਸਹਾਇਤਾ ਨਾਲ ਕੈਂਪ ਲਗਾਏ ਜਾ ਰਹੇ ਹਨ ਅਤੇ ਵੈਕਸੀਨ ਲਗਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵਲੋਂ ਟੀਕਾਕਰਨ ਲਈ ਲੋੜੀਦੀਆਂ ਵੈਕਸੀਨੇਸ਼ਨ ਟੀਮਾਂ, ਬੂਥ ਲੈਵਲ ਅਫਸਰਾਂ ਨੂੰ ਮੁਹੱਈਆ ਕੀਤੀਆਂ ਗਈਆਂ ਹਨ।

ਉਨਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਮਹਾਮਾਰੀ ਦੀ ਦੂਜੀ ਲਹਿਰ ਤੋਂ ਬਚਾਅ ਲਈ ਸਾਵਧਾਨੀਆਂ ਦੀ ਸਖ਼ਤੀ ਨਾਲ ਪਾਲਣਾ ਕਰਨ। ਮਾਸਕ ਜ਼ਰੂਰ ਪਹਿਨਣ। ਸੋਸ਼ਲ ਡਿਸਟੈਸਿੰਗ ਦੇ ਨਿਯਮਾਂ ਦੀ ਪਾਲਣਾ ਕਰਨ। ਹੱਥਾਂ ਨੂੰ ਵਾਰ-ਵਾਰ ਸੈਨੀਟਾਈਜ਼ ਕਰਦੇ ਰਹਿਣ ਅਤੇ ਯੋਗ ਵਿਅਕਤੀ ਵੈਕਸੀਨ ਜ਼ਰੂਰ ਲਗਵਾਉਣ। ਕੋਰੋਨਾ-19 ਬਿਮਾਰੀ ਦੇ ਲੱਛਣ ਜਿਵੇਂ ਸਰੀਰ ਦਾ ਦਰਦ, ਸਾਹ ਲੈਣ ਵਿਚ ਮੁਸ਼ਕਿਲ ਆਉਣੀ, ਬੁਖਾਰ ਤੇ ਜੁਕਾਮ ਆਦਿ ਹੋਵੇ ਤਾਂ ਕੋਰੋਨਾ ਟੈਸਟ ਜ਼ਰੂਰ ਕਰਵਾਇਆ ਜਾਵੇ ਤੇ ਰਿਪੋਰਟ ਆਉਣ ਤਕ ਘਰਾਂ ਵਿਚ ਏਕਾਂਤਵਾਸ ਰਿਹਾ ਜਾਵੇ।