ਪਵਨ ਤੇ੍ਹਨ, ਬਟਾਲਾ : ਸਿਹਤ ਵਿਭਾਗ ਵੱਲੋਂ ਬਟਾਲਾ ਕਚਹਿਰੀ ਕੰਪਲੈਕਸ ਵਿਖੇ ਕੋਵਿਡ-19 ਦੇ ਟੈਸਟ ਕਰਨ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ। ਇਸ ਕੈਂਪ 'ਚ ਵਿਸ਼ੇਸ਼ ਤੌਰ 'ਤੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਪਹੁੰਚੇ। ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਦੇ ਐੱਸਐੱਮਓ ਡਾ. ਸੰਜੀਵ ਕੁਮਾਰ ਭੱਲਾ ਦੀ ਅਗਵਾਈ ਹੇਠ ਸਿਹਤ ਅਮਲੇ ਦੀ ਟੀਮ ਨੇ ਕੈਂਪ ਦੌਰਾਨ ਜੱਜ ਸਾਹਿਬਾਨ, ਵਕੀਲਾਂ, ਕਚਹਿਰੀ ਦੇ ਸਟਾਫ ਅਤੇ ਕੰਮਾਂ-ਕਾਰਾਂ ਲਈ ਆਏ ਆਮ ਲੋਕਾਂ ਦੇ ਕੋਵਿਡ-19 ਦੇ ਟੈਸਟ ਲਈ ਸੈਂਪਲ ਲਏ। ਜੱਜ ਸਾਹਿਬਾਨ ਨੇ ਖੁਦ ਅੱਗੇ ਹੋ ਕੇ ਆਪਣੇ ਸੈਂਪਲ ਦਿੱਤੇ ਅਤੇ ਆਪਣੇ ਸਟਾਫ਼ ਅਤੇ ਵਕੀਲਾਂ ਨੂੰ ਵੀ ਸੈਂਪਲ ਦੇਣ ਲਈ ਪ੍ਰਰੇਰਤ ਕੀਤਾ। ਇਸ ਮੌਕੇ ਡਾ. ਸੰਜੀਵ ਭੱਲਾ ਨੇ ਦੱਸਿਆ ਕਿ ਕਚਹਿਰੀ ਵਿਖੇ ਲੱਗੇ ਕੈਂਪ 'ਚ 125 ਦੇ ਕਰੀਬ ਸੈਂਪਲ ਲਏ ਗਏ ਹਨ ਜੋ ਜਾਂਚ ਲਈ ਲੈਬ ਭੇਜੇ ਜਾਣਗੇ। ਉਨ੍ਹਾਂ ਕਿਹਾ ਕਿ ਕੋਵਿਡ-19 ਦਾ ਸਮੇਂ ਸਿਰ ਟੈਸਟ ਕਰਾ ਕੇ ਇਸ ਬਿਮਾਰੀ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕਦਾ ਹੈ ਅਤੇ ਨਾਲ ਹੀ ਇਲਾਜ ਕਰਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਮਾਸਕ, ਸੋਸ਼ਲ ਡਿਸਟੈਂਸਿੰਗ ਅਤੇ ਵਾਰ-ਵਾਰ ਹੱਥ ਧੋਣੇ ਕੋਰੋਨਾ ਵਾਇਰਸ ਤੋਂ ਬਚਣ ਦੇ ਮੰਤਰ ਹਨ ਜਿਨ੍ਹਾਂ ਦੀ ਹਰ ਵਿਅਕਤੀ ਨੂੰ ਪਾਲਣਾ ਕਰਨੀ ਚਾਹੀਦੀ ਹੈ।