ਸੁਖਦੇਵ ਸਿੰਘ, ਬਟਾਲਾ : ਕੋਰੋਨਾ ਵਾਇਰਸ ਦਾ ਪ੍ਰਭਾਵ ਆਮ ਲੋਕਾਂ ਦੀ ਜ਼ਿੰਦਗੀ 'ਤੇ ਦਿਸਣਾ ਸ਼ੁਰੂ ਹੋ ਗਿਆ ਹੈ। ਕਰਫਿਊ ਦੌਰਾਨ ਘਰਾਂ 'ਚ ਡੱਕੇ ਲੋਕ ਦਾ ਜਿਊਣਾ ਮੁਹਾਲ ਹੰਦਾ ਜਾ ਰਿਹਾ ਹੈ। ਇਸ ਵੇਲੇ ਸਬ ਤੋਂ ਵੱਧ ਗਰੀਬ ਵਰਗ ਨਪੀੜਿਆ ਗਿਆ ਹੈ। ਜਦ ਕਿ ਮੱਧ ਵਰਗੀ ਪਰਿਵਾਰ ਵੀ ਕਾਰੋਬਾਰਾਂ ਨੂੰ ਲੈ ਕੇ ਝੰਜੋੜਿਆ ਪਿਆ ਹੈ। ਅੱਜ ਜਾਗਰਣ ਟੀਮ ਨੇ ਸ਼ਹਿਰ ਦੇ ਨਜ਼ਦੀਕੀ ਪਿੰਡਾਂ 'ਚ ਜਾ ਕੇ ਦੇਖਿਆ ਤਾਂ ਰੋਗਟੇ ਖੜ੍ਹੇ ਕਰਨ ਵਾਲੇ ਤੱਥ ਸਾਹਮਣੇ ਆਏ। ਨਜ਼ਦੀਕੀ ਪਿੰਡ ਧੀਰ ਦੇ ਗਰੀਬ ਪਰਿਵਾਰ ਜਸਵੰਤ ਸਿੰਘ ਨੇ ਦੱਸਿਆ ਕਿ ਉਹ ਇਕ ਹਾਦਸੇ ਦੌਰਾਨ ਪੂਰੀ ਤਰ੍ਹਾਂ ਅੱਗ ਨਾਲ ਝੁਲਸ ਗਿਆ ਸੀ ਅਤੇ ਉਦੋ ਤੋਂ ਹੀ ਉਸ ਦੇ ਦੋਵੇਂ ਹੱਥ ਨਕਾਰਾ ਹੋ ਗਏ ਹਨ। ਉਸ ਨੇ ਦੱਸਿਆ ਕਿ ਉਸ ਦੀਆਂ 2 ਧੀਆਂ ਸਮੇਤ ਪਰਿਵਾਰ ਦੇ 4 ਜੀਅ ਬੜੀ ਮੁਸ਼ਕਲ ਨਾਲ ਜੀਵਨ ਗੁਜਾਰ ਰਹੇ ਹਨ। ਉਸ ਦੇ ਦੁਖੜੇ ਫੋਲਦਿਆਂ ਕਿਹਾ ਕਿ ਪਹਿਲਾਂ ਤਾਂ ਉਸ ਦੀ ਪਤਨੀ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਪਰਿਵਾਰ ਦਾ ਪਾਲਨ ਪੋਸ਼ਨ ਕਰਦੀ ਆ ਰਹੀ ਸੀ ਪਰ ਇਸ ਕਰਫਿਊ ਨਾਲ ਉਸ ਦਾ ਕੰਮ ਤੇ ਜਾਨਾ ਵੀ ਬੰਦ ਹੋ ਗਿਆ ਹੈ ਜਿਸ ਨਾਲ ਉਸ ਦੇ ਘਰ ਰੋਟੀ ਦੇ ਲਾਲੇ ਵੀ ਪੈ ਗਏ ਹਨ। ਇਸੇ ਤਰ੍ਹਾਂ ਹੀ ਇਸੇ ਪਿੰਡ ਦੇ ਹੀ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਹ ਬਿਮਾਰੀ ਦੇ ਚਲਦਿਆਂ ਸ਼ਰੀਰਕ ਪੱਖੋਂ ਬਹੁਤ ਕਮਜੋਰ ਹੈ ਜਿਸ ਕਰਕੇ ਪਹਿਲਾਂ ਹੀ ਉਹ ਗਰੀਬੀ ਦੀ ਗੁਰਬੱਤ ਝੱਲ ਰਿਹਾ ਹੈ ਦੂਜਾ ਉਤੋਂ ਕਰਫਿਊ ਦੀ ਮਾਰ ਪੈ ਰਹੀ ਹੈ। ਇਨ੍ਹਾਂ ਪਰਿਵਾਰਾਂ ਨੇ ਦੱਸਿਆ ਕਿ ਉਹ ਪਹਿਲਾਂ ਵੀ ਸਰਕਾਰ ਵੱਲੋਂ ਮਿਲਦੀ ਸਸਤੇ ਰਾਸ਼ਨ ਦੀ ਸਹੂਲਤ ਤੋਂ ਵਾਂਝੇ ਹਨ ਅਤੇ ਹੁਣ ਬਿਲਕੁੱਲ ਦਿਹਾੜੀ ਡੱਪਾ ਵੀ ਬੰਦ ਹੋਣ ਨਾਲ ਰੋਟੀ ਤੋਂ ਮੋਹਤਾਜ ਹੋ ਗਏ ਹਨ। ਇਨ੍ਹਾਂ ਪਰਿਵਾਰਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਕੋਰੋਨਾ ਤੋਂ ਵੱਧ ਸਾਡੀ ਭੁੱਖ ਘਾਤਕ ਹੋਈ ਪਈ ਹੈ ਜਿਸ ਕਰਕੇ ਸਾਡੀ ਰੋਜੀ ਰੋਟੀ ਦਾ ਇੰਤਜਾਮ ਕੀਤਾ ਜਾਵੇ।

---

ਕਿਸਾਨੀ ਹੋਈ ਪ੍ਰਭਾਵਿਤ

ਕਰਫਿਊ ਦੇ ਚਲਦਿਆਂ ਕਿਸਾਨਾਂ ਦਾ ਜੀਵਨ ਵੀ ਪ੍ਰਭਾਵਿਤ ਹੋਇਆ ਪਿਆ ਹੈ। ਕਿਸਾਨਾਂ ਦੀਆਂ ਸਬਜੀਆਂ ਖੇਤਾਂ 'ਚ ਹੀ ਸੜ ਰਹੀਆਂ ਹਨ ਅਤੇ ਡੇਅਰੀ ਦਾ ਕੰਮ ਕਰਦੇ ਕਿਸਾਨਾਂ ਨੂੰ ਦੁੱਧ ਵੀ ਰੋੜਣਾ ਪੈ ਰਿਹਾ ਹੈ। ਇਸ ਸਬੰਧੀ ਕਿਸਾਨ ਕਾਬਲ ਸਿੰਘ, ਰਣਜੀਤ ਸਿੰਘ ਘੋਗਾ ਨੇ ਦੱਸਿਆ ਕਿ ਮਟਰਾਂ ਦੀ ਫਸਲ ਜਿਸ ਦੀ ਤੁੜਾਈ ਲਈ ਲੇਬਰ ਦੀ ਲੋੜ ਹੈ ਪਰ ਕਰਫਿਊ ਦੇ ਚਲਦਿਆਂ ਲੇਬਰ ਮਿਲ ਨਹੀਂ ਰਹੀ ਜਿਸ ਨਾਲ ਮਟਰਾਂ ਦੀ ਫਸਲ ਖੇਤਾਂ 'ਚ ਹੀ ਸੜ ਰਹੀ ਹੈ। ਇਸੇ ਤਰ੍ਹਾਂ ਹੀ ਆਲੂ ਦੀ ਫਸਲ ਦਾ ਮੰਡੀ ਕਰਨ ਨਾ ਹੋਣ ਕਰਕੇ ਆਲੂ ਦੀ ਫਸਲ ਖ਼ਰਾਬ ਹੋ ਰਹੀ ਹੈ। ਇਨ੍ਹਾਂ ਕਿਸਾਨਾਂ ਨੇ ਦੱਸਿਆ ਕਿ ਉਹ ਦੁੱਧ ਦੇ ਵਪਾਰ ਨਹੀਂ ਵੀ ਜੁੜੇ ਹਨ ਪਰ ਵੇਰਕਾ ਮਿਲਕ ਪਲਾਂਟ, ਅਮੂਲ ਡੇਅਰੀ ਤੇ ਹੋਰ ਪ੍ਰਮੁੱਖ ਡੇਅਰੀਆਂ ਵੱਲੋਂ ਕਿਸਾਨਾਂ ਦਾ ਦੁੱਧ ਚੁਕਣਾ ਬੰਦ ਕਰ ਦਿੱਤਾ ਹੈ ਜਿਸ ਨਾਲ ਕਿਸਾਨਾਂ ਦੇ ਦੁੱਧ ਦੇ ਭਾਅ ਜ਼ਮੀਨੀ ਪੱਧਰ ਤੇ ਆ ਗਏ ਹਨ। ਉਨ੍ਹਾਂ ਦੱਸਿਆ ਕਿ ਗੁਰਬੱਤ ਇਹ ਹੋ ਗਈ ਹੈ ਕਿ ਦੁੱਧ ਤਾਂ ਸਸਤਾ ਹੋਇਆ ਹੀ ਹੈ ਪਰ ਦੁੱਧ ਦਾ ਗ੍ਰਾਹਕ ਵੀ ਕੋਈ ਨਹੀਂ ਹੈ ਜਿਸ ਕਰਕੇ ਮਜਬੂਰਨ ਉਨ੍ਹਾਂ ਨੂੰ 2 ਕੁਇੰਟਲ ਦੇ ਕਰੀਬ ਰੋਜਾਨਾ ਦੁੱਧ ਡੋਲਣਾ ਪੈ ਰਿਹਾ ਹੈ। ਇਸੇ ਤਰ੍ਹਾਂ ਹੀ ਗੁਜਰ ਬਰਾਦਰੀ ਦੇ ਲੋਕ ਸ਼ੈਫੂ, ਅਫਰੀਕ ਨੇ ਦੱਸਿਆ ਕਿ ਉਨ੍ਹਾਂ ਦੇ ਦੁੱਧ ਦਾ ਵੀ ਕੋਈ ਗ੍ਰਾਹਕ ਨਹੀਂ ਹੈ ਤੇ ਉਨ੍ਹਾਂ ਨੂੰ ਵੀ ਮਜ਼ਬੂਰਨ ਆਪਣਾ ਦੁੱਧ ਰੋੜਣਾ ਪੈ ਰਿਹਾ ਹੈ। ਇਨ੍ਹਾਂ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਪਹਿਲਾਂ ਹੀ ਵਿੱਤੀ ਮਾਰ ਝਲਦੇ ਆ ਰਹੇ ਕਿਸਾਨਾਂ ਦੀ ਬਾਂਹ ਫੜੀ ਜਾਵੇ ਤੇ ਦੁੱਧ ਦੀ ਸਪਲਾਈ ਵੱਡੀਆਂ ਡੇਅਰੀਆਂ ਤੋਂ ਸ਼ੁਰੂ ਕਰਵਾਈ ਜਾਵੇ।