ਆਕਾਸ਼, ਗੁਰਦਸਪੁਰ : ਦੇਸ਼ ਅਤੇ ਪੰਜਾਬ ਦੇ ਬਾਕੀ ਹਿੱਸਿਆਂ ਵਾਂਗ ਜ਼ਿਲ੍ਹਾ ਗੁਰਦਾਸਪੁਰ ਵਿੱਚ ਵੀ ਕੋਰੋਨਾ ਮਹਮਾਰੀ ਕਾਰਨ ਹਾਲਾਤ ਦਿਨ ਬ ਦਿਨ ਵਿਗੜਦੇ ਜਾ ਰਹੇ ਹਨ। ਪਿਛਲੇ ਕੁਝ ਦਿਨਾਂ ਤੋਂ ਜਿੱਥੇ ਕੋਰੋਨਾ ਪਾਜ਼ੇਟਿਵ ਪੀੜਤਾਂ ਦੀ ਗਿਣਤੀ ਅਤੇ ਮੌਤਾਂ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ, ਉੱਥੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਅਧਿਕਾਰੀਆਂ ਲਈ ਵੀ ਚੁਣੌਤੀ ਪੂਰਣ ਹਾਲਾਤ ਬਣੇ ਹੋਏ ਹਨ।

ਤਾਜ਼ਾ ਘਟਨਾਕ੍ਰਮ ਵਿੱਚ ਅੱਜ ਗੁਰਦਾਸਪੁਰ ਦੇ ਤਿਬੜ੍ਹੀ ਰੋਡ ਉੱਤੇ ਸਥਿਤ ਯੈਸ ਬੈਂਕ ਦੇ ਕਈ ਮੁਲਾਜ਼ਮਾਂ ਦੀ ਟੈਸਟ ਰਿਪੋਰਟ ਕੋਰੋਨਾ ਪਾਜ਼ੇਟਿਵ ਆਉਣ ਪਿੱਛੋਂ ਬੈਂਕ ਨੂੰ ਫਿਲਹਾਲ ਬੰਦ ਕਰ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਬੈਂਕ ਦਾ ਇਕ ਮੁਲਾਜ਼ਮ ਪਾਜ਼ੇਟਿਵ ਆਇਆ ਸੀ। ਇਸਦੇ ਚਲਦਿਆਂ ਬੈਂਕ ਵਿੱਚ ਤਾਇਨਾਤ ਇਕ ਦਰਜਨ ਦੇ ਕਰੀਬ ਮੁਲਾਜ਼ਮਾਂ ਵਲੋਂ ਆਪਣੇ ਟੈਸਟ ਕਰਵਾਏ ਗਏ। ਅੱਜ ਆਈ ਰਿਪੋਰਟ ਵਿੱਚ ਕਰੀਬ ਅੱਧਾ ਦਰਜਨ ਮੁਲਾਜ਼ਮ ਕੋਰੋਨਾ ਪਾਜ਼ੇਟਿਵ ਪਾਏ ਗਏ। ਫ਼ਿਲਹਾਲ ਮੁਲਾਜ਼ਮਾਂ ਨੂੰ ਘਰ ਭੇਜ ਕੇ ਬੈਂਕ ਨੂੰ ਬੰਦ ਕਰ ਦਿੱਤਾ ਗਿਆ ਹੈ।

ਬੈਂਕ ਮੈਨੇਜਰ ਸ਼ਰਤ ਮਹਾਜਨ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਇਸਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਬੈਂਕ ਦੇ 5-6 ਮੁਲਾਜ਼ਮਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਬਾਰੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ। ਬੈਂਕ ਫ਼ਿਲਹਾਲ ਬੰਦ ਕਰ ਦਿੱਤਾ ਗਿਆ ਹੈ। ਇਸਦੇ ਖੁੱਲ੍ਹਣ ਬਾਰੇ ਉਚ ਅਧਿਕਾਰੀ ਹੀ ਫੈਸਲਾ ਲੈਣਗੇ।

Posted By: Tejinder Thind