ਕੁਲਦੀਪ ਜਾਫਲਪੁਰ, ਕਾਹਨੂੰਵਾਨ : ‘‘ਨੌਜਵਾਨਾਂ ਨੇ ਹਮੇਸ਼ਾਂ ਜਿੱਥੇ ਖੇਤਾਂ ਵਿਚ ਕੰਮ ਕਰ ਕੇ ਸੂਬੇ ਨੂੰ ਹਰੀ ਕ੍ਰਾਂਤੀ ਵੱਲ ਤੋਰਿਆ, ਉਸ ਦੇ ਨਾਲ ਹੀ ਸਰਹੱਦਾਂ ਉੱਤੇ ਖੜ੍ਹੇ ਹੋ ਕੇ ਦੇਸ਼ ਦੀ ਰਾਖੀ ਕੀਤੀ ਹੈ। ਹੁਣ ਕੁਝ ਸਾਲਾਂ ਤੋਂ ਪੰਜਾਬ ਦੀ ਜਵਾਨੀ ਵਿਦੇਸ਼ਾਂ ਵੱਲ ਜਾ ਰਹੀ ਹੈ। ਇਸ ਰੁਝਾਨ ਨੂੰ ਰੋਕਣਾ ਸਾਡੀ ਪਹਿਲ ਹੋਵੇਗੀ’’। ਇਹ ਪ੍ਰਗਟਾਵਾ ਰਾਜ ਸਭਾ ਮੈਂਬਰ ਕਾਂਗਰਸ ਦੇ ਚੋਣ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਪ੍ਰਤਾਪ ਸਿੰਘ ਬਾਜਵਾ ਨੇ ਪਿੰਡ ਰਾਜੂ ਬੇਲਾ ਵਿਚ ਸਰਪੰਚ ਭਗਵੰਤ ਸਿੰਘ ਬਾਜਵਾ ਵੱਲੋਂ ਰਖਾਏ ਪ੍ਰੋਗਰਾਮ ਦੌਰਾਨ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਬਾਜਵਾ ਨੇ ਕਿਹਾ ਕਿ ਹਰ ਸਾਲ ਪੰਜਾਬ ਤੋਂ ਡੇਢ ਲੱਖ ਦੇ ਕਰੀਬ ਜਵਾਨੀ ਵਿਦੇਸ਼ਾਂ ਵਿਚ ਪੜ੍ਹਾਈ ਤੇ ਰੁਜ਼ਗਾਰ ਲਈ ਜਾ ਰਹੀ ਹੈ। ਜੇ ਇਸ ਰੁਝਾਨ ਨੂੰ ਨਾ ਰੋਕਿਆ ਗਿਆ ਤਾਂ ਸੂਬੇ ਵਿਚ ਪੰਜਾਬੀ ਲੋਕ ਘੱਟ-ਗਿਣਤੀ ਵਿਚ ਰਹਿ ਜਾਣਗੇ। ਇਸ ਤੋਂ ਇਲਾਵਾ ਪੰਜਾਬ ਵਿਚ ਖੇਤੀ ਨੂੰ ਹੁਲਾਰਾ ਦੇਣ ਤੋਂ ਇਲਾਵਾ ਵੱਡੀਆਂ ਸਨਅਤਾਂ ਲਾਉਣਾ ਕਾਂਗਰਸ ਦਾ ਟੀਚਾ ਹੈ। ਇਵੇਂ ਹੀ ਦੁਕਾਨਦਾਰ ਤੇ ਛੋਟੇ ਵਪਾਰੀਆਂ ਬਾਰੇ ਸੋਚਿਆ ਜਾਵੇਗਾ।

ਆਮ ਆਦਮੀ ਪਾਰਟੀ ਬਾਰੇ ਤੰਜ਼ ਕੱਸਦਿਆਂ ਉਨ੍ਹਾਂ ਕਿਹਾ ਕਿ ਇਹ ਪਾਰਟੀ ਸੂਬੇ ਵਿਚ ਦਹਾਈ ਦਾ ਅੰਕੜਾ ਪਾਰ ਨਹੀਂ ਕਰ ਸਕੇਗੀ। ਇਸ ਦੌਰਾਨ ਸਰਪੰਚ ਸੁਖਦੇਵ ਸਿੰਘ, ਸਰਪੰਚ ਭਗਵੰਤ ਸਿੰਘ, ਸਰਪੰਚ ਸੁਖਪ੍ਰੀਤ ਸਿੰਘ ਰਿਆੜ, ਕੁਲਦੀਪ ਸਿੰਘ ਪਸਵਾਲ, ਪਰਮਜੀਤ ਸਿੰਘ ਪੰਮਾ ਆਦਿ ਹਾਜ਼ਰ ਸਨ।

Posted By: Jagjit Singh