ਪੰਜਾਬੀ ਜਾਗਰਣ ਟੀਮ, ਡੇਰਾ ਬਾਬਾ ਨਾਨਕ : ਸ੍ਰੀ ਗੁਰੂ ਨਾਨਕ ਦੇਵ ਦੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾ ਰਹੀ ਸਿੱਖ ਸੰਗਤ ਦੀ 72 ਸਾਲ ਦੀ ਅਰਦਾਸ ਸ਼ਨਿਚਰਵਾਰ ਨੂੰ ਪੂਰੀ ਹੋ ਗਈ ਅਤੇ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦਾ ਸੁਭਾਗ ਪ੍ਰਰਾਪਤ ਹੋਇਆ। ਭਾਰਤੀ ਖੇਤਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਕਿਸਤਾਨ ਵਾਲੇ ਪਾਸੇ ਉੱਥੋਂ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਲਾਂਘੇ ਦਾ ਉਦਘਾਟਨ ਕੀਤਾ।

ਪ੍ਰਧਾਨ ਮੰਤਰੀ ਮੋਦੀ ਸ਼ਨਿਚਰਵਾਰ ਸਵੇਰੇ ਪਹਿਲਾਂ ਸੁਲਤਾਨਪੁਰ ਲੋਧੀ (ਕਪੂਰਥਲਾ) ਪੁੱਜੇ ਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਤੋਂ ਬਾਅਦ ਡੇਰਾ ਬਾਬਾ ਨਾਨਕ ਪੁੱਜੇ ਪ੍ਰਧਾਨ ਮੰਤਰੀ ਨੇ ਲਾਂਘੇ ਦੇ ਪੈਸੰਜਰ ਟਰਮੀਨਲ (ਇੰਟੈਗ੍ਰੇਟਿਡ ਚੈੱਕ ਪੋਸਟ) ਦਾ ਉਦਘਾਟਨ ਕੀਤਾ ਤੇ ਖ਼ਾਲਸਾਈ ਝੰਡਾ ਦਿਖਾ ਕੇ ਪਹਿਲੇ ਜਥੇ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਰਵਾਨਾ ਕੀਤਾ। ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ 'ਤੇ 550 ਰੁਪਏ ਦਾ ਸਿੱਕਾ ਵੀ ਜਾਰੀ ਕੀਤਾ। ਪੀਐੱਮ ਮੋਦੀ ਨੇ ਲਾਂਘੇ ਦੀ ਸ਼ੁਰੂਆਤ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਨਾ ਸਿਰਫ਼ ਹਿੰਦੋਸਤਾਨ ਤੇ ਸਿੱਖ ਸੰਗਤ ਦੀਆਂ ਭਾਵਨਾਵਾਂ ਦਾ ਖ਼ਿਆਲ ਰੱਖਿਆ ਬਲਕਿ ਉਨ੍ਹਾਂ ਦੀਆਂ ਭਾਵਨਾਵਾਂ ਦਾ ਸਨਮਾਨ ਵੀ ਕੀਤਾ। ਮੋਦੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਪੂਰੀ ਮਨੁੱਖਤਾ ਲਈ ਪ੍ਰਰੇਰਣਾ ਸਰੋਤ ਸਨ। ਉਨ੍ਹਾਂ ਨੇ ਜਦੋਂ ਸੁਲਤਾਨਪੁਰ ਲੋਧੀ ਛੱਡ ਕੇ ਸਾਰੀ ਦੁਨੀਆ ਦਾ ਦੌਰਾ ਸ਼ੁਰੂ ਕੀਤਾ ਤਾਂ ਕਿਸੇ ਨੇ ਨਹੀਂ ਸੋਚਿਆ ਸੀ ਕਿਉਹ ਯੁੱਗ ਬਦਲਣ ਦੀ ਸ਼ੁਰੂਆਤ ਹੈ। ਉਨ੍ਹਾਂ ਦੀਆਂ ਉਦਾਸੀਆਂ ਪੂਰੀ ਦੁਨੀਆ ਲਈ ਬਿਹਤਰੀਨ ਮਿਸਾਲ ਹਨ। ਕਰਤਾਰਪੁਰ ਦੀ ਧਰਤੀ 'ਚ ਉਨ੍ਹਾਂ ਨੇ ਆਪਣਾ ਆਖ਼ਰੀ ਸਮਾਂ ਬਿਤਾਇਆ ਤੇ ਉਸ ਦੇ ਕਣ-ਕਣ ਵਿਚ ਉਨ੍ਹਾਂ ਦੇ ਮੁੜ੍ਹਕੇ ਦੀ ਖ਼ੁਸ਼ਬੂ ਹੈ।

ਧਾਰਾ 370 'ਤੇ ਚਰਚਾ

ਮੋਦੀ ਨੇ ਕਿਹਾ ਕਿ ਧਾਰਾ 370 ਹਟਣ ਨਾਲ ਜੰਮੂ-ਕਸ਼ਮੀਰ 'ਚ ਵੀ ਸਿੱਖ ਪਰਿਵਾਰਾਂ ਨੂੰ ਉਹ ਅਧਿਕਾਰ ਮਿਲ ਸਕਣਗੇ ਜੋ ਉੱਥੋਂ ਦੇ ਲੋਕਾਂ ਨੂੰ ਮਿਲਦੇ ਸਨ।

ਐੱਸਜੀਪੀਸੀ ਨੇ ਕੀਤਾ ਸਨਮਾਨਿਤ

ਐੱਸਜੀਪੀਸੀ ਨੇ ਬਤੌਰ ਪ੍ਰਧਾਨ ਮੰਤਰੀ ਸਿੱਖ ਪੰਥ ਦੇ ਹਿੱਤਾਂ ਲਈ ਕੰਮ ਕਰਨ ਲਈ ਮੋਦੀ ਨੂੰ ਕੌਮੀ ਸੇਵਾ ਐਵਾਰਡ ਪ੍ਰਦਾਨ ਕੀਤਾ ਜਿਸ ਨੂੰ ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਕਰ ਦਿੱਤਾ।

ਡਾ. ਮਨਮੋਹਨ ਸਿੰਘ ਨੇ ਕਿਹਾ- ਦੋਵਾਂ ਦੇਸ਼ਾਂ ਨੇ ਚੰਗੀ ਸ਼ੁਰੂਆਤ ਕੀਤੀ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰਰੀਤ ਸਿੰਘ ਦੀ ਅਗਵਾਈ ਹੇਠ ਪਹਿਲੇ ਜਥੇ 'ਚ ਕਰੀਬ ਪੰਜ ਸੌ ਸ਼ਰਧਾਲੂ ਗਏ। ਇਨ੍ਹਾਂ ਵਿਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਐੱਮਪੀ ਸੰਨੀ ਦਿਓਲ ਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਗਏ ਤੇ ਦਰਸ਼ਨ ਕਰ ਕੇ ਸ਼ਾਮ ਨੂੰ ਪਰਤ ਆਏ। ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਦੋਵਾਂ ਦੇਸ਼ਾਂ ਵੱਲੋਂ ਇਹ ਚੰਗੀ ਸ਼ੁਰੂਆਤ ਹੈ।

ਬਾਜ਼ ਨਾ ਆਏ ਇਮਰਾਨ, ਅਲਾਪਿਆ ਕਸ਼ਮੀਰ ਦਾ ਰਾਗ

ਭਾਰਤ ਤੋਂ ਗਏ ਪਹਿਲੇ ਜਥੇ ਦੀ ਮੌਜੂਦਗੀ ਵਿਚ ਇਮਰਾਨ ਖ਼ਾਨ ਨੇ ਲਾਂਘੇ ਦਾ ਉਦਘਾਟਨ ਕਰਦਿਆਂ ਕਿਹਾ ਕਿ ਮੈਨੂੰ ਇਕ ਸਾਲ ਪਹਿਲਾਂ ਤਕ ਇਸ ਸਥਾਨ ਦੀ ਅਹਿਮੀਅਤ ਪਤਾ ਨਹੀਂ ਸੀ ਪਰ ਅੱਜ ਖ਼ੁਸ਼ੀ ਹੋ ਰਹੀ ਹੈ ਕਿ ਮੈਂ ਤੁਹਾਡੇ ਲਈ ਅਜਿਹਾ ਕਰ ਸਕਿਆ ਹਾਂ। ਹਾਲਾਂਕਿ ਇਮਰਾਨ ਖ਼ਾਨ ਆਪਣੀਆਂ ਆਦਤਾਂ ਤੋਂ ਬਾਜ਼ ਨਾ ਆਏ। ਉਨ੍ਹਾਂ ਕਿਹਾ, 'ਕਸ਼ਮੀਰ 'ਚ 80 ਲੱਖ ਲੋਕਾਂ ਨੂੰ 9 ਲੱਖ ਫ਼ੌਜ ਵਾਦੀ ਵਿਚ ਬੰਦ ਕਰ ਦਿੱਤਾ ਹੈ। ਕਸ਼ਮੀਰ ਹੁਣ ਸਰੱਹਦ ਦੀ ਹੱਦਬੰਦੀ ਦਾ ਨਹੀਂ ਬਲਕਿ ਇਨਸਾਨੀ ਹੱਕਾਂ ਦਾ ਮੁੱਦਾ ਬਣ ਗਿਆ ਹੈ। ਉੱਥੇ ਕਸ਼ਮੀਰੀਆਂ ਦੇ ਸਾਰੇ ਹੱਕ ਖੋਹ ਲਏ ਗਏ ਹਨ।' ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਜੇ ਮੇਰੀ ਗੱਲ ਸੁਣ ਰਹੇ ਹਨ ਤਾਂ ਕਸ਼ਮੀਰ ਨੂੰ ਇਨਸਾਫ਼ ਦੇਣ ਤਾਂ ਜੋ ਅਸੀਂ ਸਾਰੇ ਇਨਸਾਨਾਂ ਵਾਂਗ ਰਹਿ ਸਕੀਏ। ਅਸੀਂ ਚਾਹੁੰਦੇ ਹਾਂ ਕਿ ਭਾਰਤ ਤੇ ਪਾਕਿ ਦੀਆਂ ਸਰਹੱਦਾਂ ਖੁੱਲ੍ਹ ਜਾਣ। ਦੋਵੇਂ ਦੇਸ਼ ਵਪਾਰ ਦੇ ਰਸਤੇ ਅੱਗੇ ਵਧਣ ਤਾਂ ਜੋ ਦੋਵੇਂ ਪਾਸੇ ਜ਼ਲਾਲਤ ਖ਼ਤਮ ਹੋ ਸਕੇ। ਇਮਰਾਨ ਨੇ ਕਿਹਾ ਕਿ ਉਹ ਜਦੋਂ ਪ੍ਰਧਾਨ ਮੰਤਰੀ ਬਣੇ ਸਨ ਤਾਂ ਪਹਿਲੀ ਵਾਰ ਮੋਦੀ ਨਾਲ ਗੱਲ ਕਰਦਿਆਂ ਕਿਹਾ ਸੀ ਕਿ ਕਸ਼ਮੀਰ ਦਾ ਮਸਲਾ ਅਸੀਂ ਕਿਉਂ ਮਿਲ-ਬੈਠ ਕੇ ਹੱਲ ਨਹੀਂ ਕਰ ਸਕਦੇ। ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਦੇ ਮੰਤਰੀ ਨਰੂਲ ਹੱਕ ਕਾਦਰੀ ਨੇ ਕਿਹਾ ਕਿ ਜੇ ਬਰਲਿਨ ਦੀ ਕੰਧ ਡਿੱਗ ਸਕਦੀ ਹੈ, ਲਾਂਘਾ ਖੁੱਲ੍ਹ ਸਕਦਾ ਹੈ ਤਾਂ ਆਰਜ਼ੀ ਰੂਪ ਨਾਲ ਬਣੀ ਐੱਲਓਸੀ ਵੀ ਖ਼ਤਮ ਹੋ ਸਕਦੀ ਹੈ।