ਸ਼ਾਮ ਸਿੰਘ ਘੁੰਮਣ, ਦੀਨਾਨਗਰ : ਦੀਨਾਨਗਰ ਸ਼ਹਿਰ ਅੰਦਰ 2.70 ਕਰੋੜ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਪਾਰਕ ਦਾ ਨਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਯਾਦਗਾਰੀ ਪਾਰਕ ਰੱਖ ਕੇ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਇਤਿਹਾਸਕ ਤੇ ਸ਼ਲਾਘਾਯੋਗ ਕੰਮ ਕੀਤਾ ਹੈ। ਕਿਉਂਕਿ ਦੀਨਾਨਗਰ ਖੇਤਰ ਅੰਦਰ ਸਰਕਾਰੀ ਤੌਰ ਤੇ ਉਸਾਰਿਆ ਜਾਣ ਵਾਲਾ ਇਹ ਪਹਿਲਾ ਪ੍ਰਰਾਜੈਕਟ ਹੋਵੇਗਾ ਜਿਸ ਦਾ ਨਾਂ ਮਹਾਰਾਜਾ ਰਣਜੀਤ ਸਿੰਘ ਦੇ ਨਾਂ 'ਤੇ ਰੱਖਿਆ ਗਿਆ ਹੈ।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਲਾਕ ਸੰਮਤੀ ਦੀਨਾਨਗਰ ਦੇ ਚੇਅਰਮੈਨ ਹਰਵਿੰਦਰ ਸਿੰਘ ਭੱਟੀ ਨੇ 'ਪੰਜਾਬੀ ਜਾਗਰਣ' ਨਾਲ ਗੱਲਬਾਤ ਕਰਦਿਆਂ ਕੀਤਾ। ਚੇਅਰਮੈਨ ਭੱਟੀ ਨੇ ਇਸ ਫ਼ੈਸਲੇ ਲਈ ਕੈਬਨਿਟ ਮੰਤਰੀ ਅਰੁਣਾ ਚੌਧਰੀ ਤੇ ਸੀਨੀਅਰ ਕਾਂਗਰਸ ਆਗੂ ਅਸ਼ੋਕ ਚੌਧਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਦੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗਰਮੀਆਂ ਦੀ ਰਾਜਧਾਨੀ ਰਹੇ ਦੀਨਾਨਗਰ ਸ਼ਹਿਰ ਅੰਦਰ ਅਜੇ ਵੀ ਉਨਾਂ੍ਹ ਦੇ ਰਾਜ ਭਾਗ ਨਾਲ ਜੁੜੀਆਂ ਕਈ ਇਤਿਹਾਸਕ ਇਮਾਰਤਾਂ ਖੰਡਰ ਦੇ ਰੂਪ ਵਿਚ ਮੌਜੂਦ ਹਨ ਪਰ ਦੀਨਾਨਗਰ ਸ਼ਹਿਰ ਅੰਦਰ ਕੋਈ ਵੀ ਅਜਿਹੀ ਸਰਕਾਰੀ ਇਮਾਰਤ ਜਾਂ ਯਾਦਗਾਰ ਨਹੀਂ ਸੀ ਜੋ ਮਹਾਰਾਜਾ ਰਣਜੀਤ ਸਿੰਘ ਦੇ ਦੀਨਾਨਗਰ ਸ਼ਹਿਰ ਨਾਲ ਜੁੜੇ ਹੋਣ ਦਾ ਅਹਿਸਾਸ ਕਰਵਾਉਂਦੀ ਹੋਵੇ ਅਤੇ ਅਜਿਹਾ ਨਾ ਹੋਣ ਕਾਰਨ ਨਵੀਂ ਪੀੜ੍ਹੀ ਦੀਨਾਨਗਰ ਦੇ ਸ਼ਾਨਾਂਮੱਤੇ ਇਤਿਹਾਸ ਤੋਂ ਅਣਜਾਣ ਹੁੰਦੀ ਜਾ ਰਹੀ ਸੀ। ਮਹਾਰਾਜਾ ਰਣਜੀਤ ਸਿੰਘ ਦੇ ਕਾਰਜਕਾਲ ਨਾਲ ਜੁੜਿਆ ਇਤਿਹਾਸਕ ਸ਼ਹਿਰ ਹੋਣ ਦੇ ਕਾਰਨ ਖੇਤਰ ਦੇ ਲੋਕਾਂ ਦੀ ਪੁਰਜ਼ੋਰ ਇੱਛਾ ਰਹੀ ਹੈ ਦੀਨਾਨਗਰ ਸ਼ਹਿਰ ਅੰਦਰ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਤੇ ਕੋਈ ਸਰਕਾਰੀ ਯਾਦਗਾਰ ਬਣਾਈ ਜਾਵੇ। ਚੇਅਰਮੈਨ ਭੱਟੀ ਨੇ ਕਿਹਾ ਕਿ ਦਿਨੇ ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪਾਰਕ ਦਾ ਨੀਂਹ ਪੱਥਰ ਰੱਖੇ ਜਾਣ ਮਗਰੋਂ ਇਸ ਖੇਤਰ ਦੇ ਲੋਕਾਂ ਦੀ ਇਹ ਇੱਛਾ ਪੂਰੀ ਹੋ ਗਈ ਹੈ ਜਿਸ ਨਾਲ ਲੋਕਾਂ ਅੰਦਰ ਖ਼ੁਸ਼ੀ ਦਾ ਮਾਹੌਲ ਹੈ। ਦੱਸਣਯੋਗ ਹੈ ਕਿ ਬੀਤੇ ਦਿਨ ਦੀਨਾਨਗਰ ਵਿਖੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 2.70 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਪਾਰਕ ਦਾ ਨੀਂਹ ਪੱਥਰ ਰੱਖਿਆ ਸੀ ਜਿਸ ਦਾ ਨਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਤੇ ਰੱਖਿਆ ਗਿਆ ਹੈ।