ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ : ਵੀਰਵਾਰ ਦੇਰ ਸ਼ਾਮ ਕਲਾਨੌਰ-ਬਟਾਲਾ ਮਾਰਗ 'ਤੇ ਪੈਂਦੇ ਅੱਡਾ ਕੋਟ ਮੀਆਂ ਸਾਹਿਬ ਤੇ ਦਲੇਰਪੁਰ ਦੇ ਦਰਮਿਆਨ ਮਿੰਨੀ ਬੱਸ ਤੇ ਟੱਕਰ ਵਿੱਚ ਕਾਰ ਚਾਲਕ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਬੱਸ ਵਿਚ ਸਵਾਰ ਦਰਜ਼ਨ ਦੇ ਕਰੀਬ ਸਵਾਰੀਆਂ ਜ਼ਖ਼ਮੀ ਹੋ ਗਈਆਂ। ਇਕ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਰੈਫਰ ਕਰ ਦਿੱਤਾ ਗਿਆ ਹੈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਪੁਲਿਸ ਥਾਣਾ ਕਲਾਨੌਰ ਦੇ ਕਰਮਚਾਰੀ ਮੌਕੇ 'ਤੇ ਪਹੁੰਚੇ ਅਤੇ ਇਲਾਕੇ ਦੇ ਲੋਕਾਂ ਦੀ ਮੱਦਦ ਨਾਲ ਬੱਸ ਵਿੱਚੋਂ ਸਵਾਰੀਆਂ ਨੂੰ ਬਾਹਰ ਕੱਢਿਆ ਅਤੇ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ, ਸਵਾਰੀਆਂ ਨਾਲ ਭਰੀ ਮਿੰਨੀ ਬੱਸ ਬਟਾਲੇ ਤੋਂ ਕਲਾਨੌਰ ਆ ਰਹੀ ਸੀ ਤੇ ਕਲਾਨੌਰ ਸਾਈਡ ਤੋਂ ਸਵਿਫਟ ਕਾਰ ਜਾ ਰਹੀ ਸੀ ਕਿ ਅੱਡਾ ਕੋਟ ਮੀਆਂ ਸਾਹਿਬ ਤੇ ਦਲੇਰਪੁਰ ਦੇ ਵਿਚਕਾਰ ਦੋਹਾਂ ਵਾਹਨਾਂ ਦੀ ਟੱਕਰ ਹੋ ਗਈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਦੋਹਾਂ ਵਾਹਨਾਂ ਦੀ ਟੱਕਰ ਹੋਣ ਦੀ ਆਵਾਜ਼ ਦੂਰ-ਦੂਰ ਤਕ ਸੁਣਾਈ ਦਿੱਤੀ ਤੇ ਲੋਕ ਹਾਦਸੇ ਵਾਲੀ ਥਾਂ 'ਤੇ ਪੁੱਜੇ ਤੇ ਪਲਟੀ ਬੱਸ ਵਿੱਚੋਂ ਸਵਾਰੀਆਂ ਨੂੰ ਬਾਹਰ ਕੱਢਿਆ ਗਿਆ ਅਤੇ ਜ਼ਖ਼ਮੀਆਂ ਨੂੰ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਵਿਖੇ ਦਾਖ਼ਲ ਕਰਵਾਇਆ ਗਿਆ। ਇਸ ਹਾਦਸੇ ਦੌਰਾਨ ਕਾਰ ਪੂਰੀ ਤਰ੍ਹਾਂ ਨਸ਼ਟ ਹੋ ਗਈ ਤੇ ਕਾਰ ਚਾਲਕ ਦੀ ਮੌਕੇ 'ਤੇ ਮੌਤ ਹੋ ਗਈ। ਕਾਰ ਚਾਲਕ ਦੀ ਪਹਿਚਾਣ ਬੀਐੱਸਐੱਫ ਦੇ ਹੌਲਦਾਰ ਪਰਮਜੀਤ ਸਿੰਘ ਪੁੱਤਰ ਗਰਮੀਤ ਸਿੰਘ ਸੇਵਾ ਮੁਕਤ ਥਾਣੇਦਾਰ ਵਾਸੀ ਨਾਨੋਹਰਨੀ ਵਜੋਂ ਹੋਈ।

ਇਸ ਮੌਕੇ ਮ੍ਰਿਤਕ ਪਰਮਜੀਤ ਸਿੰਘ ਦੇ ਚਚੇਰੇ ਭਰਾ ਪਰਗਟ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਪਰਮਜੀਤ ਸਿੰਘ ਬੀਐੱਸਐੱਫ ਐਚ ਨੌਕਰੀ ਕਰਦਾ ਹੈ ਅਤੇ ਅੱਜ ਦੀ ਛੁੱਟੀ ਆਉਣ ਉਪਰੰਤ ਆਪਣੇ ਵਾਲਾਂ ਦੀ ਕਟਿੰਗ ਕਰਵਾਉਣ ਲਈ ਕਲਾਨੌਰ ਗਿਆ ਸੀ ਕਿ ਉਸ ਦੀ ਕਾਰ ਹਾਦਸਾਗ੍ਰਸਤ ਹੋ ਗਈ। ਮ੍ਰਿਤਕ ਦੀ ਇਕ ਬੇਟੀ ਹੈ। ਇਸ ਹਾਦਸੇ ਦੌਰਾਨ ਬੱਸ ਵਿਚ ਸਵਾਰ ਯਾਤਰੀ ਹਰਜਿੰਦਰ ਸਿੰਘ ਪੰਨਵਾਂ, ਸ਼ਿਵਾਨੀ ਕਲਾਨੌਰ, ਹਰਪਿੰਦਰ ਸਿੰਘ ਸਾਲੇ ਚੱਕ, ਸਿਮਰਜੀਤ ਕੌਰ ਸ਼ਾਹਪੁਰ ਗੋਰਾਇਆ, ਮਨਪ੍ਰੀਤ ਕੌਰ ਡੇਅਰੀਵਾਲ, ਗੁਰਪ੍ਰੀਤ ਕੌਰ, ਸਮੇਤ ਤਿੰਨ ਬੱਚਿਆਂ ਨੂੰ ਵੀ ਕਲਾਨੌਰ ਕਮਿਊਨਿਟੀ ਸਿਹਤ ਕੇਂਦਰ ਵਿਚ ਦਾਖਲ ਕਰਵਾਇਆ ਗਿਆ ਜਿੱਥੇ ਡਿਊਟੀ 'ਤੇ ਤਾਇਨਾਤ ਡਾਕਟਰ ਵਿਸ਼ਾਲ ਜੱਗੀ ਵੱਲੋਂ ਹਰਜਿੰਦਰ ਸਿੰਘ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਰੈਫਰ ਕਰ ਦਿੱਤਾ ਗਿਆ। ਇਸ ਮੌਕੇ ਤੇ ਡਾਕਟਰ ਵਿਸ਼ਾਲ ਜੱਗੀ ਨੇ ਕਿਹਾ ਕਿ ਜ਼ਖਮੀ ਹੋਏ ਮਰੀਜ਼ਾਂ ਦੀ ਮਲ੍ਹਮ-ਪੱਟੀ ਕੀਤੀ ਗਈ ਹੈ। ਇਸ ਹਾਦਸੇ ਦੌਰਾਨ ਕਈ ਬੱਸ ਦੀਆਂ ਸਵਾਰੀਆਂ ਹਸਪਤਾਲ ਵਿਚ ਇਲਾਜ ਤੋਂ ਬਿਨਾਂ ਹੀ ਆਪਣੇ ਘਰ ਪਹੁੰਚ ਗਈਆਂ।

Posted By: Jagjit Singh