ਗੁਰਪ੍ਰੀਤ ਸਿੰਘ, ਕਾਦੀਆਂ

ਕਾਦੀਆਂ ਸ਼ਹਿਰ ਅੰਦਰ ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ, ਰਾਜ ਸਭਾ ਮੈਂਬਰ ਪ੍ਤਾਪ ਸਿੰਘ ਬਾਜਵਾ ਤੇ ਹਲਕਾ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਦੀ ਰਿਹਾਇਸ਼ੀ ਇਲਾਕਾ ਹੋਣ ਦੇ ਬਾਵਜੂਦ ਵੀ ਸ਼ਹਿਰ ਕਾਦੀਆਂ ਲਾਵਾਰਿਸ ਬਣਿਆ ਪਿਆ ਹੈ। ਲਖਵਿੰਦਰ ਸਿੰਘ, ਤਲਵਿੰਦਰ ਸਿੰਘ ਭਾਟੀਆ, ਰਾਜੂ ਭਾਟੀਆ, ਮਨਜਿੰਦਰ ਸਿੰਘ, ਰਣਜੋਧ ਸਿੰਘ, ਸੁਨੀਲ ਕੁਮਾਰ, ਸੰਜੀਵ ਕੁਮਾਰ, ਮਨਜੀਤ ਸਿੰਘ, ਅਮਰਜੀਤ ਸਿੰਘ, ਸੁਰਿੰਦਰ ਸਿੰਘ, ਅਮਰਜੀਤ ਸਿੰਘ, ਮਨਜਿੰਦਰ ਸਿੰਘ, ਸੰਜੀਵ ਕੁਮਾਰ, ਮਨਜੀਤ ਸਿੰਘ, ਬਿਸਨ ਸਿੰਘ, ਪਰਮਿੰਦਰ ਸਿੰਘ, ਦਲਬੀਰ ਸਿੰਘ, ਲਖਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਬੱਸ ਸਟੈਂਡ ਤੋਂ ਲੈ ਕੇ ਰਜਾਦਾ ਰੋਡ ਕਾਦੀਆਂ ਦੀ ਸੜਕ ਕਾਫੀ ਖਸਤਾ ਹਾਲਤ ਵਿੱਚ ਹੈ। ਇੱਥੇ ਜ਼ਿਕਰਯੋਗ ਹੈ ਕਿ ਬੀਤੇ ਦੋ ਦਿਨ ਪਹਿਲਾਂ ਹਲਕਾ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਵੱਲੋਂ ਬੇਟ ਇਲਾਕੇ ਅੰਦਰ ਹਰਚੋਵਾਲ ਨਜ਼ਦੀਕ ਭੇਟ ਪਤਨ ਤੇ ਪੈਨਟੂਨ ਪੁਲ ਦਾ ਉਦਘਾਟਨ ਵੀ ਕੀਤਾ ਗਿਆ ਪਰ ਅਫਸੋਸ ਕਿ ਹਲਕਾ ਵਿਧਾਇਕ ਵੱਲੋਂ ਆਪਣੇ ਸ਼ਹਿਰ ਰਜਾਦਾ ਰੋਡ ਕਾਦੀਆਂ ਦੀ ਟੁੱਟੀ ਸੜਕ ਦਾ ਖਿਆਲ ਨਹੀਂ ਰੱਖਿਆ ਜਾ ਰਿਹਾ।

ਚਿੱਟਾ ਹਾਥੀ ਬਣੀ ਪਾਣੀ ਦੀ ਟੈਂਕੀ

ਬੱਸ ਸਟੈਂਡ ਅੰਦਰ ਬਣੀ ਵਾਟਰ ਸਪਲਾਈ ਦੇ ਪਾਣੀ ਵਾਲੀ ਟੈਂਕੀ ਵੀ ਚਿੱਟਾ ਹਾਥੀ ਸਾਬਤ ਹੋ ਰਹੀ ਹੈ। ਟੈਂਕੀ ਥਾਂ-ਥਾਂ ਤੋਂ ਲੀਕ ਹੋ ਰਹੀ ਹੈ ਤੇ ਕਦੇ-ਕਦੇ ਗੰਦਾ ਆਉਣ ਨਾਲ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਨਾਲ ਹੀ ਬੱਸ ਸਟੈਂਡ 'ਚ ਲੱਗੇ ਵਾਟਰ ਕੂਲਰ ਦੀ ਹਾਲਤ ਵੀ ਕਾਫੀ ਤਰਸਯੋਗ। ਸ਼ਹਿਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ ਅਤੇ ਸ਼ਹਿਰ ਦੀ ਦਾਣਾ ਮੰਡੀ ਅੰਦਰ ਬਰਸਾਤੀ ਦਿਨਾਂ ਵਿੱਚ ਕਾਫੀ ਦਿਨਾਂ ਤੱਕ ਪਾਣੀ ਜਮ੍ਹਾਂ ਰਹਿੰਦਾ ਹੈ ਜੋ ਕਿ ਬਰਸਾਤ ਦੇ ਦਿਨਾਂ ਵਿੱਚ ਛੱਪੜ ਦਾ ਰੂਪ ਧਾਰਨ ਕਰ ਲੈਂਦੇ ਹਨ ਤੇ ਕਈ-ਕਈ ਦਿਨਾਂ ਤੱਕ ਪਾਣੀ ਇਕੱਠਾ ਰਹਿਣ ਨਾਲ ਉਸ ਅੰਦਰ ਭਿਆਨਕ ਬਿਮਾਰੀਆਂ ਫੈਲਣ ਦਾ ਸ਼ਹਿਰ ਅੰਦਰ ਡਰ ਬਣਿਆ ਰਹਿੰਦਾ ਹੈ।

ਹਲਕੇ ਦੇ ਮੰਤਰੀ ਧਿਆਨ ਦੇਣ : ਬਿੱਲਾ ਮਾਹਲ

ਇਸ ਸਬੰਧੀ ਸ਼੍ੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਇਕਬਾਲ ਸਿੰਘ ਬਿੱਲਾ ਮਾਹਲ ਨੇ ਕਿਹਾ ਕਿ ਸ਼ਹਿਰ ਦੇ ਆਈਟੀਆਈ ਦਾਣਾ ਮੰਡੀ ਨਜ਼ਦੀਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ ਗੰਦਾ ਪਾਣੀ ਖੜ੍ਹਾ ਹੋਣ ਨਾਲ ਬੱਚਿਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਹਲਕੇ ਦੇ ਮੰਤਰੀਆਂ ਨੂੰ ਇਸ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ।

ਕੀ ਕਹਿੰਦੇ ਨੇ ਲੋਕ ਨਿਰਮਾਣ ਵਿਭਾਗ ਦੇ ਐੱਸਡੀਓ

ਇਸ ਸਬੰਧੀ ਜਦੋਂ ਲੋਕ ਨਿਰਮਾਣ ਵਿਭਾਗ ਦੇ ਐੱਸਡੀਓ ਦਵਿੰਦਰਪਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਰਜਾਦਾ ਰੋਡ ਕਾਦੀਆਂ ਦੀ ਖਸਤਾ ਹਾਲਤ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਲਿਖਕੇ ਭੇਜਿਆ ਹੋਇਆ ਹੈ ਤੇ ਸਰਕਾਰ ਵੱਲੋਂ ਇਸ ਦਾ ਟੈਂਡਰ ਪਾਸ ਕਰ ਦਿੱਤਾ ਗਿਆ ਹੈ ਤੇ ਜਦੋਂ ਵੀ ਪੰਜਾਬ ਸਰਕਾਰ ਵੱਲੋਂ ਟੈਡਰ ਆਉਂਦਾ ਹੈ ਤਾਂ ਉਸੇ ਵੇਲੇ ਹੀ ਇਸ ਸੜਕ ਦਾ ਨਿਰਮਾਣ ਕਾਰਜ ਸ਼ੁਰੂ ਕਰਵਾ ਦਿੱਤਾ ਜਾਵੇਗਾ।

ਕੀ ਕਹਿੰਦੇ ਨੇ ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ

ਇਸ ਸਬੰਧੀ ਜਦੋਂ ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਾਦੀਆਂ ਸ਼ਹਿਰ ਦੇ ਲੋਕਾਂ ਦੀ ਸਮੱਸਿਆ ਨੂੰ ਉਹ ਸਰਕਾਰ ਤੱਕ ਜਲਦੀ ਪਹੁੰਚਾ ਕੇ ਇਸ ਨੂੰ ਪੂਰਾ ਕਰਵਾਉਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਭੇਟ ਪੱਤਨ ਤੇ ਪੈਨਟੂਨ ਪੁਲ ਦਾ ਨਿਰਮਾਣ ਕਾਰਜ ਪੰਜਾਬ ਸਰਕਾਰ ਵੱਲੋਂ ਸ਼ੁਰੂ ਕਰਵਾ ਦਿੱਤਾ ਗਿਆ ਹੈ, ਉਹ ਵੀ ਜਲਦੀ ਹੀ ਤਿਆਰ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਸੰਗ ਦੇ ਮੇਲੇ ਤੇ ਆਉਣ ਵਾਲੀਆਂ ਸੰਗਤਾਂ ਲਈ ਹਰ ਸਾਲ ਸੰਘ ਦੇ ਆਉਣ ਤੋਂ ਪਹਿਲਾਂ ਇਸ ਪੈਨਟੂਨ ਪੁਲ ਨੂੰ ਤਿਆਰ ਕਰਵਾਉਂਦੀ ਹੈ ਤੇ ਹੁਣ ਵੀ ਤਿਆਰ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਕਾਦੀਆਂ ਸ਼ਹਿਰ ਵਾਸੀਆਂ ਦੀ ਸਮੱਸਿਆ, ਰਜਾਦਾ ਰੋਡ ਸੜਕ ਬਣਾਉਣ ਦਾ ਪ੍ਪੋਜਲ ਵੀ ਜਲਦੀ ਸਰਕਾਰ ਕੋਲੋਂ ਲਾਗੂ ਕਰਵਾ ਕੇ ਇਸ ਨੂੰ ਤਿਆਰ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਆਪਣੇ ਕੀਤੇ ਹਰ ਵਾਅਦੇ ਪੂਰੇ ਕੀਤੇ ਜਾ ਰਹੇ ਹਨ ਤੇ ਰਹਿੰਦੇ ਹੋਏ ਵਿਕਾਸ ਕਾਰਜ ਵੀ ਜਲਦੀ ਪੂਰੇ ਕਰਵਾ ਦਿੱਤੇ ਜਾਣਗੇ।

ਨਮੂਨੇ ਦਾ ਸ਼ਹਿਰ ਬਣਾਇਆ ਜਾ ਰਿਹਾ ਕਾਦੀਆਂ : ਬਾਜਵਾ

ਇਸ ਸਬੰਧੀ ਜਦੋਂ ਹਲਕਾ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਾਦੀਆਂ ਸ਼ਹਿਰ ਨੂੰ ਇੱਕ ਨਮੂਨੇ ਦਾ ਸ਼ਹਿਰ ਬਣਾਇਆ ਜਾ ਰਿਹਾ ਹੈ ਜਿਸ ਵਿੱਚ ਕਾਦੀਆਂ ਬੱਸ ਸਟੈਂਡ ਤੋਂ ਰਜਾਦਾ ਰੋਡ ਸੜਕ ਜੋ ਕਿ ਸਰਕਾਰ ਕੋਲੋਂ ਸਾਢੇ ਚਾਰ ਕਰੋੜ ਰੁਪਏ ਮਨਜੂਰ ਕਰਵਾ ਲਏ ਗਏ ਹਨ ਤੇ ਆਉਣ ਵਾਲੇ 20 ਦਿਨਾਂ ਵਿੱਚ ਬੱਸ ਸਟੈਂਡ ਕਾਦੀਆਂ ਤੋਂ ਲੈ ਕੇ ਰਜਾਦਾ ਰੋਡ ਅੱਡਾ ਡੇਹਰੀਵਾਲ ਤੱਕ ਇਸ ਸੜਕ ਨੂੰ ਨਵੇਂ ਤਰੀਕੇ ਨਾਲ ਬਣਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰਹੀ ਗੱਲ ਹਲਕੇ ਦੇ ਸਰਕਾਰੀ ਸਕੂਲਾਂ ਦੀ ਤੇ ਆਉਣ ਵਾਲੇ ਡੇਢ ਸਾਲਾਂ ਤੱਕ ਸਾਰੇ ਹੀ ਸਰਕਾਰੀ ਸਕੂਲ ਸਮਾਰਟ ਸਕੂਲ ਬਣਾ ਦਿੱਤੇ ਜਾਣਗੇ ਤੇ ਬੱਸ ਸਟੈਂਡ ਪਾਣੀ ਵਾਲੀ ਟੈਂਕੀ ਦਾ ਮਸਲਾ ਉਨ੍ਹਾਂ ਦੇ ਧਿਆਨ ਵਿਚ ਆ ਗਿਆ ਹੈ ਤੇ ਇਸ ਦਾ ਵੀ ਜਲਦੀ ਹੀ ਹੱਲ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ 'ਚ ਰੱਖਦੇ ਹੋਏ ਸਹੀ ਕਰਵਾ ਦਿੱਤਾ ਜਾਵੇਗਾ।