ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ : ਚਰਚ ਆਫ ਸੁੱਖ ਭੰਡਾਰ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਤੇ ਮਸੀਹ ਪ੍ਰਚਾਰਕ ਬਿਸ਼ਪ ਰਿਆਜ਼ ਮਸੀਹ ਤੇਜਾ ਨੇ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੀ ਸ਼ਾਨ ਤੇ ਲੋਕ-ਪੱਖੀ ਸਿਆਸਤਦਾਨ ਸੁਖਜਿੰਦਰ ਸਿੰਘ ਰੰਧਾਵਾ ਨੂੰ ਉਪ ਮੁੱਖ ਮੰਤਰੀ ਪੰਜਾਬ ਬਣਾਉਣ ਤੇ ਕਾਂਗਰਸ ਹਾਈ ਕਮਾਂਡ ਦਾ ਧੰਨਵਾਦ ਕਰਦੇ ਹਨ।

ਉਨ੍ਹਾਂ ਕਿਹਾ ਕਿ ਆਸ ਹੈ ਕਿ ਰੰਧਾਵਾ ਮਸੀਹੀ ਭਾਈਚਾਰੇ ਦੇ ਹੱਕੀ ਮਸਲੇ ਹੱਲ ਕਰਾਉਣ ਵਿਚ ਅਹਿਮ ਯੋਗਦਾਨ ਪਾਉਣਗੇ। ਬਿਸ਼ਪ ਰਿਆਜ਼ ਮਸੀਹ ਤੇਜਾ ਨੇ ਕਿਹਾ ਕਿ ਬੇਦਾਗ਼ ਸਿਆਸਤਦਾਨ ਸੁਖਜਿੰਦਰ ਸਿੰਘ ਰੰਧਾਵਾ ਜਿੱਥੇ ਹਮੇਸ਼ਾਂ ਵੱਖ-ਵੱਖ ਧਰਮਾਂ ਨੂੰ ਸਤਿਕਾਰ ਦੇਣ ਲਈ ਯਤਨਸ਼ੀਲ ਰਹੇ ਹਨ ਉਥੇ ਉਹ ਮਸੀਹੀ ਭਾਈਚਾਰੇ ਨਾਲ ਚੱਟਾਨ ਵਾਂਗ ਖੜ੍ਹੇ ਹਨ।

ਉਨ੍ਹਾਂ ਕਿਹਾ ਕਿ ਰੰਧਾਵਾ ਦੇ ਉਪ ਮੁੱਖ ਮੰਤਰੀ ਬਣਨ ਨਾਲ ਮਸੀਹੀ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਹੈ ਅਤੇ ਨਵੀਆਂ ਉਮੀਦਾਂ ਜਾਗੀਆਂ ਹਨ। ਇਸ ਮੌਕੇ ਬਿਸ਼ਪ ਰਿਆਜ਼ ਮਸੀਹ ਤੇਜਾ ਨੇ ਕਿਹਾ ਕਿ ਉਪ ਮੁੱਖ ਮੰਤਰੀ ਬਣੇ ਸੁਖਜਿੰਦਰ ਸਿੰਘ ਰੰਧਾਵਾ ਦੇ ਹਲਕੇ ਵਿਚ ਪੁੱਜਣ 'ਤੇ ਮਸੀਹ ਭਾਈਚਾਰੇ ਵੱਲੋਂ ਭਰਵਾਂ ਸਵਾਗਤ ਕੀਤਾ ਜਾਵੇਗਾ ਜਿਸ ਨੂੰ ਲੈ ਕੇ ਮਸੀਹ ਭਾਈਚਾਰੇ ਵਿਚ ਭਾਰੀ ਉਤਸ਼ਾਹ ਹੈ।